ਬੱਚੇ ਘਰ ਦੀ ਫੁਲਵਾੜੀ ਦੇ ਫੁੱਲ ਹਨ, ਜਿੰਨਾ ਦੀ ਖ਼ੁਸ਼ਬੂ ਨਾਲ ਸਾਰਾ ਘਰ ਮਹਿਕਦਾ ਰਹਿੰਦਾ ਹੈ। ਘਰ ਵਿੱਚ ਸੁਣਦੀਆਂ ਬੱਚੇ ਦੀਆਂ ਕਿਲਕਾਰੀਆਂ ਸਾਰਾ ਦਿਨ ਕੰਮਾਂ ਨਾਲ ਥੱਕੇ ਬਾਪ ਦੀ ਥਕਾਵਟ ਦੂਰ ਕਰ ਦਿੰਦੀਆਂ ਹਨ। ਘਰ ਵਿੱਚ ਬੱਚਿਆਂ ਦੇ ਹੋਣ ਨਾਲ ਘਰ ਦੇ ਸਿਆਣੇ ਵੀ ਇੱਕ ਵਾਰ ਫਿਰ ਤੋਂ ਬਚਪਨ ਜੀਓ ਲੈਂਦੇ ਹਨ। ਹਰ ਇੱਕ ਨੂੰ ਆਪਣੇ ਬੱਚੇ ਬਹੁਤ ਪਿਆਰੇ ਹੁੰਦੇ ਹਨ। ਪਰ ਪਿਆਰ ਦੇ ਨਾਲ ਨਾਲ ਮਾਪਿਆਂ ਦੇ ਸਿਰ ਉਨ੍ਹਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਖ਼ਾਸ ਕਰ ਜਿੰਨੀ ਦੇਰ ਬੱਚੇ ਬਾਲਗ ਨਹੀਂ ਹੁੰਦੇ। ਬਚਪਨ ਤੋਂ ਕਿਸ਼ੋਰ ਅਵਸਥਾ ਮਾਪਿਆਂ ਲਈ ਜ਼ਿੰਮੇਵਾਰੀ ਨਿਭਾਉਣ ਦਾ ਅਹਿਮ ਸਮਾਂ ਹੁੰਦਾ ਹੈ। ਬਚਪਨ ਅਵਸਥਾ ਤੋਂ ਬੱਚਾ ਜਦ ਹੋਲੀ ਹੋਲੀ ਕਿਸ਼ੋਰ ਅਵਸਥਾ ਵੱਲ ਵੱਧ ਦਾ ਹੈ ਤਾਂ ਆਪਣੇ ਆਪ ਨੂੰ ਜ਼ਿੰਮੇਵਾਰ ਵਿਅਕਤੀ ਸਮਝਣ ਲੱਗ ਜਾਂਦਾ ਹੈ। ਸਰੀਰਕ ਵਿਕਾਸ ਦੇ ਨਾਲ ਨਾਲ ਉਸ ਵਿੱਚ ਮਾਨਸਿਕ ਤਬਦੀਲੀਆਂ ਵੀ ਆਉਂਦੀਆਂ ਹਨ। ਉਸ ਵਿੱਚ ਚੜ੍ਹ ਰਹੀ ਜਵਾਨੀ ਦੀਆਂ ਉਮੰਗਾਂ ਠਾਠਾਂ ਮਾਰਦੀਆਂ ਹਨ।ਇਸ ਅਵਸਥਾ ਵਿੱਚ ਕਈ ਵਾਰ ਬੱਚਾ ਕਈ ਪੱਖਾਂ ਦੀ ਅਧੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸਿਆਣਾ ਤੇ ਹਰ ਗੱਲ ਤੇ ਸਹੀ ਸਮਝਣ ਲੱਗ ਜਾਂਦਾ ਹੈ। ਲੋਕਾਂ ਨਾਲ ਉਸ ਦੀ ਨੇੜਤਾ ਵਧਣ ਲੱਗਦੀ ਹੈ ਤੇ ਉਸ ਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੋਣ ਲੱਗਦਾ ਹੈ। ਉਹ ਆਪਣੇ ਫ਼ੈਸਲੇ ਆਪ ਲੈਣਾ ਚਾਹੁੰਦਾ ਹੈ।ਹੋਲੀ ਹੋਲੀ ਜਦੋਂ ਇਸ ਅਵਸਥਾ ਵਿੱਚ ਬੱਚੇ ਦੀ ਸੋਚ ਅਤੇ ਸਮਝ ਵਿੱਚ ਕੁਝ ਪਕਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੀਵਨ ਦੇ ਉਦੇਸ਼ ਉਸ ਨੂੰ ਸਪਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਅਵਸਥਾ ਵਿੱਚ ਬੱਚਿਆਂ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਜਵਾਨ ਹੋ ਰਹੇ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਸਹੀ ਗ਼ਲਤ ਦਾ ਫ਼ੈਸਲਾ ਕਰ ਸਕਣ।
ਮੈਂ ਆਮ ਦੇਖਦੀ ਹਾਂ ਕਿ ਮਾਪਿਆਂ ਦੁਆਰਾ ਕਲਪੇ ਹੋਏ ਆਦਰਸ਼ ਅਤੇ ਅਸਲੀ ਜ਼ਿੰਦਗੀ ਵਿੱਚ ਢੇਰ ਅੰਤਰ ਹੈ। ਇਹ ਅੰਤਰ ਬੱਚੇ ਨੂੰ ਭੰਬਲਭੂਸੇ ਵਿੱਚ ਪਾ ਦਿੰਦਾ ਹੈ। ਬੱਚਿਆਂ ਨੂੰ ਕਿਹਾ ਕੁਝ ਹੋਰ ਜਾਂਦਾ ਹੈ ਅਤੇ ਕੀਤਾ ਕੁਝ ਹੋਰ ਜਾਂਦਾ ਹੈ। ਇਸ ਦੀ ਸਭ ਤੋਂ ਵੱਡੀ ਉਦਹਾਰਣ ਇਹ ਕਿ ਮਾਪੇ ਬੱਚਿਆਂ ਨੂੰ ਪ੍ਰੇਮ ਪਿਆਰ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਨ, ਪਰ ਆਪ ਪਤੀ ਪਤਨੀ ਵਿੱਚ ਝਗੜਾ ਹੁੰਦਾ ਰਹਿੰਦਾ ਹੈ। ਕਹਿਣ ਤੋਂ ਭਾਵ ਕਿ ਬੱਚੇ ਸਾਡੇ ਕਹਿਣ ਅਤੇ ਕਰਨ ਦੀ ਹਕੀਕਤ ਵਿੱਚ ਉਲਝ ਜਾਂਦੇ ਹਨ।
ਇਸ ਅਵਸਥਾ ਵਿੱਚ ਬੱਚਿਆਂ ਨਾਲ ਸਨੇਹਪੂਰਨ ਵਰਤਾਓ ਹੋਣਾ ਚਾਹੀਦਾ ਹੈ। ਬੱਚਿਆਂ ਨਾਲ ਦੋਸਤਾਨਾ ਵਿਵਹਾਰ ਰਾਹੀਂ ਉਨ੍ਹਾਂ ਦੀ ਪੂਰੇ ਦਿਨ ਦੀ ਗਤੀਵਿਧੀ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਉਹ ਕਿਸ ਸੰਗਤ ਵਿੱਚ ਵਿਚਰ ਰਿਹਾ ਹੈ, ਕਿਸ ਤਰ੍ਹਾਂ ਦੇ ਦੋਸਤਾਂ ਨਾਲ ਦੋਸਤੀ ਰੱਖ ਰਿਹਾ ਹੈ, ਇਸ ਸਭ ਉੱਪਰ ਨਿਗਰਾਨੀ ਰੱਖਣੀ ਬਹੁਤ ਜ਼ਰੂਰੀ ਹੈ। ਜਿੰਨਾ ਹੋ ਸਕੇ ਮਾਪੇ ਆਪਣੇ ਬੱਚਿਆਂ ਨੂੰ ਸਮਾਂ ਦੇਣ, ਪਰ ਕੋਸ਼ਿਸ਼ ਰਹੇ ਕਿ ਉਨ੍ਹਾਂ ਨਾਲ ਏਦਾਂ ਗੱਲਾਂ ਨਾ ਕੀਤੀਆਂ ਜਾਣ ਕਿ ਉਹ ਅਕੇਵਾਂ ਮਹਿਸੂਸ ਕਰਨ, ਬਲਕਿ ਹਰ ਗੱਲ ਨੂੰ ਰੋਚਿਕ ਭਰਪੂਰ ਬਣਾ ਕੇ ਕੀਤਾ ਜਾਵੇ ਤਾਂ ਜੋ ਤੁਹਾਡੇ ਬੱਚੇ ਤੁਹਾਡੀ ਸੰਗਤ ਦਾ ਅਨੰਦ ਮਾਣਨ।
ਇਸ ਅਵਸਥਾ ਵਿੱਚ ਆ ਰਹੀਆਂ ਸਰੀਰਕ ਤਬਦੀਲੀਆਂ ਬਾਰੇ ਵੀ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਖੁੱਲ੍ਹ ਕੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਆਤਮ ਵਿਸ਼ਵਾਸ ਘੱਟ ਨਾ ਹੋਵੇ ।ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਇਸ ਉਮਰ ਵਿੱਚ ਸਾਹਿਤ ਨਾਲ ਜੋੜਿਆ ਜਾਵੇ, ਕਿਉਂਕਿ ਇਸ ਸਮੇਂ ਬੱਚੇ ਦੀਆਂ ਪੜ੍ਹਨ ਰੁਚੀਆਂ ਪਰਪੱਕ ਹੋ ਰਹੀਆਂ ਹੁੰਦੀਆਂ ਹਨ, ਬੱਚੇ ਨੂੰ ਜਿੰਨਾ ਮਿਆਰੀ ਸਾਹਿਤ ਨਾਲ ਜੋੜਿਆ ਜਾਵੇਗਾ, ਉਨ੍ਹਾਂ ਹੀ ਉਸ ਦੀ ਸ਼ਖ਼ਸੀਅਤ ਨਿੱਖਰੇਗੀ।
ਮਾਪਿਆਂ ਅਧਿਆਪਕਾਂ ਨੂੰ ਰਲ ਮਿਲ ਕੇ ਬੱਚੇ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ, ਬੱਚੇ ਨੂੰ ਹਮੇਸ਼ਾ ਇਹ ਅਹਿਸਾਸ ਕਰਵਾਊ ਕਿ ਉਹ ਦੁਨੀਆ ਦਾ ਕੋਈ ਵੀ ਕੰਮ ਕਰ ਸਕਦਾ ਹੈ। ਉਹ ਵਿਲੱਖਣ ਹੈ ਅਤੇ ਉਸ ਵਰਗਾ ਦੂਸਰਾ ਕੋਈ ਨਹੀਂ ਹੈ। ਇਸ ਉਮਰ ਵਿੱਚ ਬੱਚੇ ਨੂੰ ਉਸ ਦੇ ਟੀਚੇ ਮਿਥਣ ਵਿੱਚ ਜ਼ਰੂਰ ਪ੍ਰੋਤਸਾਹਿਤ ਕਰੋ ਅਤੇ ਉਸ ਨੂੰ ਵਾਰ ਵਾਰ ਇਹ ਯਾਦ ਕਰਵਾਉਂਦੇ ਰਹੋ ਕਿ ਉਹ ਇਸ ਦੁਨੀਆ ਵਿੱਚ ਕੁਝ ਅਲੱਗ ਕਰਨ ਆਇਆ ਹੈ। ਮਾਪਿਆਂ ਅਤੇ ਅਧਿਆਪਕਾਂ ਦੁਆਰਾ ਬੱਚਿਆਂ ਦਾ ਇਸ ਤਰ੍ਹਾਂ ਕੀਤਾ ਗਿਆ ਮਾਰਗ ਦਰਸ਼ਨ ਉਨ੍ਹਾਂ ਨੂੰ ਜਿੱਥੇ ਬੁਰੀਆਂ ਆਦਤਾਂ ਤੋਂ ਬਚਾਈ ਰੱਖਦਾ ਹੈ ਉੱਥੇ ਜ਼ਿੰਦਗੀ ਦੀਆਂ ਉੱਚੀਆਂ ਬੁਲੰਦੀਆਂ ਵੀ ਸਰ ਕਰਵਾਉਂਦਾ ਹੈ।
ਜਵਾਨੀ ਵਿੱਚ ਪੈਰ ਰੱਖਦੇ ਬੱਚੇ ਮਿੱਟੀ ਦੇ ਭਾਂਡੇ ਵਰਗੇ ਹੁੰਦੇ ਹਨ, ਜਿਸ ਤਰ੍ਹਾਂ ਦੇ ਸਾਂਚੇ ਵਿੱਚ ਪਾਉਗੇ ਉਸੇ ਤਰ੍ਹਾਂ ਦਾ ਆਕਾਰ ਉਹ ਧਾਰਨ ਕਰ ਲੈਣਗੇ। ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖਣ ਯੋਗ ਹੈ ਕਿ ਇਹ ਬੱਚੇ ਜਿੱਥੇ ਇੱਕ ਪਰਿਵਾਰ ਦੀ ਫੁਲਵਾੜੀ ਦੇ ਫੁੱਲ ਹਨ ਉੱਥੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਵੀ ਹਨ, ਸੋ ਇਹਨਾਂ ਦੀ ਪਰਵਰਿਸ਼ ਇਸ ਤਰ੍ਹਾਂ ਹੋਵੇ ਕਿ ਹਰ ਪਰਿਵਾਰ, ਹਰ ਮਾਪੇ ਸਮਾਜ ਨੂੰ ਆਪਣੇ ਬੱਚੇ ਦੇ ਰੂਪ ਵਿੱਚ ਇੱਕ ਚੰਗਾ ਨਾਗਰਿਕ ਦੇਵੇ , ਜੋ ਜਿੱਥੇ ਆਪਣੇ ਮਾਪਿਆਂ ਦੀਆਂ ਸਦਰਾਂ ਪੂਰੀਆਂ ਕਰੇ ਉੱਥੇ ਦੇਸ਼ ਦਾ ਨਾਮ ਵੀ ਦੁਨੀਆ ਵਿੱਚ ਉੱਚਾ ਕਰੇ।
ਹਰਕੀਰਤ ਕੌਰ
+91 9779118066
Home Page ਜਵਾਨ ਹੋ ਰਹੇ ਬੱਚਿਆਂ ਦਾ ਮਾਰਗ ਦਰਸ਼ਨ!