ਜਸਟਿਸ ਰਾਮੰਨਾ ਦੇਸ਼ ਦੇ 48ਵੇਂ ਨਵੇਂ ਚੀਫ਼ ਜਸਟਿਸ ਨਿਯੁਕਤ

ਨਵੀਂ ਦਿੱਲੀ, 7 ਅਪ੍ਰੈਲ – ਰਾਸ਼ਟਰਪਤੀ ਨੇ 7 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐੱਨ. ਵੀ. ਰਾਮੰਨਾ ਨੂੰ ਦੇਸ਼ ਦੇ ਅਗਲੇ ਚੀਫ਼ ਜਸਟਿਸ ਨਿਯੁਕਤ ਕੀਤਾ ਹੈ। ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਿਕ ਜਸਟਿਸ ਰਾਮੰਨਾ 24 ਅਪ੍ਰੈਲ ਨੂੰ 48ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲੈਣਗੇ। ਉਹ ਅਗਲੇ ਸਾਲ 26 ਅਗਸਤ ਨੂੰ ਸੇਵਾਮੁਕਤ ਹੋਣਗੇ। ਮੌਜੂਦਾ ਚੀਫ਼ ਜਸਟਿਸ ਐੱਸ. ਏ. ਬੋਬੜੇ 23 ਅਪ੍ਰੈਲ ਨੂੰ ਰਿਟਾਇਰ ਹੋਣ ਵਾਲੇ ਹਨ। ਸੂਤਰਾਂ ਮੁਤਾਬਿਕ ਜਸਟਿਸ ਰਾਮੰਨਾ ਨੂੰ ਰਾਸ਼ਟਰਪਤੀ ਦੇ ਦਸਤਖ਼ਤਾਂ ਵਾਲਾ ਨਿਯੁਕਤੀ ਪੱਤਰ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ ਕੇ ਮਿਸ਼ਰਾ ਅਤੇ ਕਾਨੂੰਨ ਮੰਤਰਾਲੇ ਦੇ ਸਕੱਤਰ (ਨਿਆਂ) ਬਰੁਨ ਮਿੱਤਰਾ ਨੇ ਸੌਂਪਿਆ।
ਜਸਟਿਸ ਬੋਬੜੇ ਨੇ ਆਪਣੇ ਜਾਨਸ਼ੀਨ ਵਜੋਂ ਜਸਟਿਸ ਰਾਮੰਨਾ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਸੀ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਪਿੰਡ ਪੋਨਾਵਰਮ ‘ਚ 27 ਅਗਸਤ 1957 ਨੂੰ ਜਨਮੇ ਜਸਟਿਸ ਰਾਮੰਨਾ 10 ਫਰਵਰੀ 1983 ਨੂੰ ਵਕੀਲ ਬਣੇ ਸਨ। ਉਹ 27 ਜੂਨ 2000 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਥਾਈ ਜੱਜ ਬਣੇ ਸਨ ਅਤੇ 10 ਮਾਰਚ 2013 ਤੋਂ 20 ਮਈ 2013 ਤੱਕ ਉਨ੍ਹਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾਈਆਂ ਸਨ। ਉਹ 2 ਸਤੰਬਰ 2013 ‘ਚ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ 17 ਫਰਵਰੀ 2014 ‘ਚ ਸੁਪਰੀਮ ਕੋਰਟ ਦੇ ਜੱਜ ਬਣੇ ਸਨ।