ਨਵੀਂ ਦਿੱਲੀ, 17 ਅਪ੍ਰੈਲ – ਇੱਥੇ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਹਨੂੰਮਾਨ ਜੈਅੰਤੀ ਮੌਕੇ ਸ਼ਨਿਚਰਵਾਰ ਨੂੰ ਕੱਢੀ ਗਈ ਸ਼ੋਭਾ ਯਾਤਰਾ ਦੇ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਦੋ ਨਾਬਾਲਗਾਂ ਨੂੰ ਫੜਿਆ ਗਿਆ ਹੈ। ਜਿਸ ਵਿੱਚ ਝੜਪਾਂ ਦਾ ਮੁੱਖ ਸਾਜ਼ਿਸ਼ ਕਰਤਾ ਅਤੇ ਇੱਕ ਹੋਰ ਵਿਅਕਤੀ ਸ਼ਾਮਿਲ ਹੈ ਜਿਸ ਨੇ ਗੋਲੀ ਚਲਾਈ ਸੀ ਜੋ ਇੱਕ ਸਬ-ਇੰਸਪੈਕਟਰ ਨੂੰ ਲੱਗੀ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿੱਚ ਦੋ ਨਾਬਾਲਗਾਂ ਨੂੰ ਵੀ ਫੜਿਆ ਗਿਆ ਹ।
ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ‘ਚ 21 ਵਰ੍ਹਿਆਂ ਦਾ ਮੁਹੰਮਦ ਅਸਲਮ ਵੀ ਸ਼ਾਮਲ ਹੈ ਜਿਸ ਨੇ ਕਥਿਤ ਤੌਰ ‘ਤੇ ਗੋਲੀ ਚਲਾਈ ਸੀ ਜੋ ਪੁਲੀਸ ਦੇ ਸਬ-ਇੰਸਪੈਕਟਰ ਨੂੰ ਲੱਗੀ ਹੈ। ਇਸ ਦੌਰਾਨ ਦਿੱਲੀ ਪੁਲੀਸ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਨੂੰ ਟਰਾਂਸਫ਼ਰ ਕਰ ਦਿੱਤਾ ਹੈ। ਅਧਿਕਾਰਤ ਬਿਆਨ ਮੁਤਾਬਿਕ ਦੋਵੇਂ ਧਿਰਾਂ ਹੁਣ ਤੋਂ ਇਸ ਮਾਮਲੇ ਦੀ ਸਾਂਝੇ ਤੌਰ ‘ਤੇ ਜਾਂਚ ਕਰਨਗੀਆਂ। ਪੁਲੀਸ ਇਸ ਮਾਮਲੇ ‘ਤੇ ਵਿਸਥਾਰਤ ਰਿਪੋਰਟ ਵੀ ਤਿਆਰ ਕਰ ਰਹੀ ਹੈ ਜੋ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ। ਪੁਲੀਸ ਨੇ ਮੁਹੰਮਦ ਅਸਲਮ ਅਤੇ ਇਕ ਹੋਰ ਮੁਲਜ਼ਮ ਮੁਹੰਮਦ ਅਨਸਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਦੋਹਾਂ ਨੂੰ ਸੋਮਵਾਰ ਤੱਕ ਲਈ ਪੁਲੀਸ ਹਿਰਾਸਤ ‘ਚ ਭੇਜ ਦਿੱਤਾ ਗਿਆ ਜਦੋਂ ਕਿ 12 ਹੋਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਹਾਂਗੀਰਪੁਰੀ ਦੇ ਸੀਡੀ ਪਾਰਕ ਦੀ ਬਸਤੀ ਦੇ ਵਸਨੀਕ ਮੁਹੰਮਦ ਅਸਲਮ ਕੋਲੋਂ ਉਹ ਪਿਸਤੌਲ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਉਸ ਨੇ ਸ਼ਨਿਚਰਵਾਰ ਨੂੰ ਕਥਿਤ ਤੌਰ ‘ਤੇ ਗੋਲੀ ਚਲਾਈ ਸੀ। ਉਨ੍ਹਾਂ ਕਿਹਾ ਕਿ ਦੋ ਫ਼ਿਰਕਿਆਂ ਵਿਚਕਾਰ ਪਥਰਾਅ ਅਤੇ ਅਗਜ਼ਨੀ ਕਾਰਨ 8 ਪੁਲੀਸ ਮੁਲਾਜ਼ਮ ਅਤੇ 1 ਸਥਾਨਕ ਵਿਅਕਤੀ ਜ਼ਖ਼ਮੀ ਹੋਇਆ ਹੈ। ਇਸ ਦੌਰਾਨ ਕੁੱਝ ਵਾਹਨਾਂ ਨੂੰ ਵੀ ਸਾੜ ਦਿੱਤਾ ਗਿਆ ਸੀ। ਡੀਸੀਪੀ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਧਾਰਾ 307, 120 ਬੀ, 147 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਅਸਲਮ ਖ਼ਿਲਾਫ਼ ਜਹਾਂਗੀਰਪੁਰੀ ਪੁਲੀਸ ਸਟੇਸ਼ਨ ‘ਚ 2020 ‘ਚ ਧਾਰਾ 324, 188, 506 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਅਨਸਾਰ (35) ਵੀ ਸ਼ਾਮਲ ਹੈ ਜੋ ਹਿੰਸਾ ਦਾ ਮੁੱਖ ਸਾਜ਼ਿਸ਼ ਘਾੜਾ ਦੱਸਿਆ ਜਾ ਰਿਹਾ ਹੈ। ਉਸ ‘ਤੇ ਪਹਿਲਾਂ ਵੀ ਹਮਲੇ ਦੇ ਦੋ ਕੇਸ ਦਰਜ ਹਨ ਅਤੇ ਉਹ ਕਈ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਹੋਏ 9 ਵਿਅਕਤੀਆਂ ਦਾ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਗੋਲੀ ਨਾਲ ਜ਼ਖ਼ਮੀ ਹੋਏ ਸਬ-ਇੰਸਪੈਕਟਰ ਦੀ ਹਾਲਤ ਸਥਿਰ ਹੈ। ਡੀਸੀਪੀ ਨੇ ਕਿਹਾ ਕਿ ਜਹਾਂਗੀਰਪੁਰੀ ਦੇ ਝੜਪਾਂ ਵਾਲੇ ਇਲਾਕੇ ‘ਚ ਰੈਪਿਡ ਐਕਸ਼ਨ ਫੋਰਸ ਦੀ ਟੀਮ ਦੇ ਨਾਲ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਲੋਕਾਂ ਦੀ ਡਰੋਨਾਂ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਸਾਫ਼ਟਵੇਅਰ ਨਾਲ ਸ਼ਨਾਖ਼ਤ ਕੀਤੀ ਜਾ ਰਹੀ ਹੈ। ਇਲਾਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਸਾਰੇ ਮੋਬਾਈਲਾਂ ਦੀ ਫੁਟੇਜ ਸਕੈਨ ਕਰਕੇ ਵੀ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਬਾਕੀ ਰਹਿੰਦੇ ਸਾਰੇ 14 ਪੁਲੀਸ ਜ਼ਿਲ੍ਹਿਆਂ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਥਾਂ ‘ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
Home Page ਜਹਾਂਗੀਰਪੁਰੀ ਹਿੰਸਾ: ਦਿੱਲੀ ਪੁਲੀਸ ਵੱਲੋਂ 21 ਗ੍ਰਿਫ਼ਤਾਰ