ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ 46642ਅਤੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 23282 ਵੋਟਾਂ ਨਾਲ ਜਿੱਤੇ
ਚੰਡੀਗੜ੍ਹ, 25 ਅਗਸਤ – ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਵਿੱਚ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅਤੇ ਪਟਿਆਲਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਜੇਤੂ ਰਹੇ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਵਿੱਚ ਕੁਲ ਭੁਗਤੀਆਂ 1,18,690 ਵੋਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਜੀਤਮਹਿੰਦਰ ਸਿੰਘ ਸਿੱਧੂ ਨੂੰ 71,747 ਵੋਟਾਂ ਮਿਲੀਆਂ ਜਦ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਹਰਮਿੰਦਰ ਸਿੰਘ ਜੱਸੀ ਨੂੰ 25,105, ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ 13,899 ਅਤੇ ਪੰਜਾਬ ਲੇਬਰ ਪਾਰਟੀ ਦੇ ਉਮੀਦਵਾਰ ਸ੍ਰੀ ਮੱਖਣ ਸਿੰਘ ਪ੍ਰੇਮੀ ਨੂੰ 389 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰਾਂ ਵਿੱਚੋਂ ਸ੍ਰੀ ਬਲਕਾਰ ਸਿੰਘ ਨੂੰ 6,305, ਸ੍ਰੀ ਬਲਵਿੰਦਰ ਸਿੰਘ ਨੂੰ 218 ਅਤੇ ਭਾਈ ਭਰਪੂਰ ਸਿੰਘ ਨੂੰ 447 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਜੀਤਮਹਿੰਦਰ ਸਿੰਘ ਸਿੱਧੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਹਰਮਿੰਦਰ ਸਿੰਘ ਜੱਸੀ ਨੂੰ 46,642 ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਹਲਕੇ ‘ਚ 580 ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ।
ਮੁੱਖ ਚੋਣ ਅਧਿਕਾਰੀ ਮੁਤਾਬਿਕ ਪਟਿਆਲਾ ਵਿਧਾਨ ਸਭਾ ਹਲਕੇ ‘ਚ ਭੁਗਤੀਆਂ 89,570 ਵੋਟਾਂ ‘ਚੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੂੰ 52,967 ਵੋਟਾਂ ਪਈਆਂ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਭਗਵਾਨ ਦਾਸ ਜੁਨੇਜਾ ਨੂੰ 29,685, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਹਰਜੀਤ ਸਿੰਘ ਨੂੰ 5,724, ਨਿਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਸ੍ਰੀ ਅਮਰੀਕ ਸਿੰਘ ਨੂੰ 139 ਅਤੇ ਹਿੰਦੂਸਤਾਨ ਨਿਰਮਾਣ ਦਲ ਦੇ ਸ੍ਰੀ ਰਵੀ ਕਾਂਤ ਨੂੰ 101 ਵੋਟਾਂ ਪਈਆਂ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਸ੍ਰੀ ਬਲਬੀਰ ਸਿੰਘ ਨੂੰ 74, ਸ੍ਰੀ ਬਲਵਿੰਦਰ ਸਿੰਘ ਨੂੰ 119 ਅਤੇ ਸ੍ਰੀ ਰਾਜਿੰਦਰ ਸਿੰਘ ਪਵਾਰ ਨੂੰ 138 ਵੋਟਾਂ ਪਈਆਂ ਜਦ ਕਿ 623 ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ। ਉਨ੍ਹਾਂ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਭਗਵਾਨ ਦਾਸ ਜੁਨੇਜਾ ਨੂੰ 23282 ਵੋਟਾਂ ਨਾਲ ਹਰਾਇਆ।
Indian News ਜ਼ਿਮਨੀ ਚੋਣਾਂ ‘ਚ ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ ਅਤੇ ਪਟਿਆਲਾ ਤੋਂ...