ਨਾਰਾ, 8 ਜੁਲਾਈ – ਅੱਜ ਇੱਥੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਦੇਸ਼ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਤਾਕਤਵਰ ਤੇ ਪ੍ਰਭਾਵਸ਼ਾਲੀ ਆਗੂਆਂ ਵਿੱਚੋਂ ਇੱਕ ਸ਼ਿੰਜੋ ਆਬੇ (67) ਦੀ ਪੱਛਮੀ ਜਪਾਨ ਦੇ ਸ਼ਹਿਰ ਨਾਰਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਮੌਕੇ ਉਹ ਨਾਰਾ ਦੇ ਟਰੇਨ ਸਟੇਸ਼ਨ ਬਾਹਰ ਤਕਰੀਰ ਕਰ ਰਹੇ ਸਨ। ਮਸ਼ਕੂਕ ਹਮਲਾਵਰ ਨੇ ਆਬੇ ਨੂੰ ਪਿੱਛੋਂ ਗੋਲੀਆਂ ਮਾਰੀਆਂ। ਇੱਕ ਗੋਲੀ ਉਨ੍ਹਾਂ ਦੀ ਛਾਤੀ ਤੇ ਦੂਜੀ ਗਰਦਨ ਵਿੱਚ ਲੱਗੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਏਅਰਲਿਫ਼ਟ ਕਰਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਸਪਤਾਲ ਲਿਜਾਣ ਮੌਕੇ ਹੀ ਉਨ੍ਹਾਂ ਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਦਿਲ ਦੀ ਧੜਕਣ ਰੁਕ ਗਈ ਸੀ। ਡਾਕਟਰਾਂ ਮੁਤਾਬਿਕ ਉਨ੍ਹਾਂ ਦਾ ਕਾਫ਼ੀ ਖ਼ੂਨ ਵਹਿ ਗਿਆ ਸੀ। ਪੁਲੀਸ ਨੇ ਮਸ਼ਕੂਕ ਬੰਦੂਕਧਾਰੀ ਤੇਤਸੁਯਾ ਯਾਮਾਗਾਮੀ (41) ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਸਾਬਕਾ ਪ੍ਰਧਾਨ ਮੰਤਰੀ ਆਬੇ ਦੀ ਹੱਤਿਆ ਨੇ ਜਾਪਾਨ ਵਿੱਚ ਬਹੁਗਿਣਤੀ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਕਿਉਂਕਿ ਜਾਪਾਨ ਵਿਸ਼ਵ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿੱਚੋਂ ਇਕ ਹੈ। ਗੰਨ ਕੰਟਰੋਲ ਬਾਰੇ ਕਾਨੂੰਨ ਵੀ ਇੱਥੇ ਬਹੁਤ ਸਖ਼ਤ ਹਨ।
ਜਪਾਨ ਡੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਪੂਰੀ ਦੁਨੀਆ ਭਰ ਦੇ ਆਗੂਆਂ ਨੇ ਸ਼ੌਕ ਜਤਾਇਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ‘ਤੇ ਦੁੱਖ ਵਿਅਕਤ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਉਨ੍ਹਾਂ ਨੂੰ ਆਬੇ ਅਹੁਦਾ ਸੰਭਾਲਣ ਤੋਂ ਬਾਅਦ ਮਿਲਣ ਵਾਲੇ ਪਹਿਲੇ ਨੇਤਾਵਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੂੰ ਆਪਣੀ ਭੂਮਿਕਾ ਲਈ ਡੂੰਘੀ ਪ੍ਰਤੀਬੱਧ, ਉਦਾਰ ਅਤੇ ਦਿਆਲੂ ਦੱਸਿਆ। ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਬੇ ਲਈ ਡੂੰਘੇ ਸਨਮਾਨ ਦੇ ਚਿੰਨ੍ਹ ਵਜੋਂ ਰਾਸ਼ਟਰੀ ਸੋਗ ਦੇ ਦਿਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇੱਕ ਚੰਗਾ ਮਿੱਤਰ ਗੁਆ ਲਿਆ ਹੈ।
Home Page ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਗੋਲੀਆਂ ਮਾਰ ਕੇ ਹੱਤਿਆ