ਮੈਂ ਜੋ ਵੀ ਲਿਖ ਰਿਹਾ ਹਾਂ, ਆਪਣੇ ਜੀਵਨ ਦੇ ਕੀਤੇ ਤਜਰਬਿਆਂ ਦੇ ਅਧਾਰ ‘ਤੇ ਲਿਖ ਰਿਹਾ ਹਾਂ। ਮੈਂ ਆਪਣੀ ਜੀਵਨ ਸ਼ੈਲੀ ਨੂੰ ਇਸ ਤਰ੍ਹਾਂ ਢਾਲਿਆਂ ਹੈ ਜਿਵੇਂ ਲਿਖ ਦਾ ਹਾਂ ਉਸੇ ਢੰਗ ਤਰੀਕੇ ਨਾਲ ਜਿਊਣ ਦੀ ਕੋਸ਼ਿਸ਼ ਕਰਦਾ ਹਾਂ। ਬਾਕੀ ਉਸ ਮਾਲਕ ਦੀ ਮਿਹਰ ਨਾਲ ਚੱਲੀ ਜਾਣਾ ਹੈ।
ਮਨੋਵਿਗਿਆਨੀ ਅਨੁਸਾਰ ਮਨੁੱਖ ਦੀਆਂ 50% ਬਿਮਾਰੀਆਂ ਤੇ ਸਮੱਸਿਆਵਾਂ ਮਾਨਸਿਕ ਹਨ। ਜਿਹੜਾ ਆਦਮੀ ਸਰੀਰ ਤੇ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਤੰਦਰੁਸਤ ਹੁੰਦਾ ਹੈ, ਉਸ ਨੂੰ ਸੁਪਨੇ ਆਉਂਦੇ ਹਨ। ਇਸ ਦਾ ਮਤਲਬ ਹੈ ਕਿ ਸੁਪਨੇ ਕਿਸੇ ਨਾ ਕਿਸੇ ਬਿਮਾਰੀ ਜਾਂ ਮਾਨਸਿਕ ਤਣਾਓ ਵਿੱਚੋਂ ਹੀ ਪੈਦਾ ਹੁੰਦੇ ਹਨ। ਜਿਹੜਾ ਮਨੁੱਖ ਸੋਚਾਂ ਵਿੱਚ ਡੁੱਬਿਆ ਹੁੰਦਾ ਹੈ ਉਸ ਨੂੰ ਵੱਧ ਤਣਾਓ ਹੁੰਦਾ ਹੈ। ਸਾਹ ਕਿਰਿਆ ਮਨੁੱਖ ਦੇ ਜੀਵਨ ਦਾ ਸੱਤ ਹੈ। ਇਸ ਕਿਰਿਆ ਨਾਲ ਹੀ ਸਾਡੇ ਸਰੀਰ ਵਿੱਚ ਜੀਵਨ ਪ੍ਰਗਟ ਹੁੰਦਾ ਹੈ। ਚੇਤਨਾ ਤੇ ਆਤਮਾ ਅਸਲ ਵਿੱਚ ਇੱਕ ਹੀ ਚੀਜ਼ ਦੇ ਦੋ ਨਾਮ ਹਨ। ਇਨ੍ਹਾਂ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਚੇਤਨਾ ਦੇ ਵਿਕਾਸ ਕਰਨ ਦਾ ਇਹ ਪਹਿਲਾ ਗੁਰ ਹੈ ਕਿ ਸਾਹ ਕਿਰਿਆ ਨੂੰ ਧਿਆਨ ਨਾਲ ਮਹਿਸੂਸ ਕਰਨ ‘ਤੇ ਸਾਨੂੰ ਰੂਹਾਨੀ ਅਨੁਭਵ ਹੁੰਦਾ ਹੈ। ਜੇਕਰ ਤੁਸੀਂ ਆਪਣੀ ਛਾਤੀ ਦੇ ਵਿੱਚ ਸਾਹ ਲੈਣ ਦੇ ਢੰਗ ਨੂੰ ਬਦਲੋ ਤਾਂ ਤੁਹਾਡਾ ਜੀਵਨ ਢੰਗ ਬਦਲ ਸਕਦਾ ਹੈ। ਸਵੇਰੇ ਵੇਲੇ ਪੰਜ ਮਿੰਟ ਤੱਕ ਡੂੰਘੀ ਸਾਹ ਕਿਰਿਆ ਦਾ ਅਭਿਆਸ ਕਰੋ। ਕੁਰਸੀ ਜਾਂ ਜ਼ਮੀਨ ਉੱਪਰ ਇਸ ਤਰ੍ਹਾਂ ਬੈਠੋ ਕਿ ਤੁਹਾਡੀ ਰਿੜ੍ਹ ਦੀ ਹੱਡੀ ਬਿਲਕੁਲ ਸਿੱਧੀ ਰਹੇ, ਗਰਦਨ ਤੇ ਛਾਤੀ ਸਿੱਧੇ ਇੱਕ ਰੇਖਾ ਵਿੱਚ ਹੋਣੀ ਚਾਹੀਦੇ ਹਨ। ਸਾਹ ਇੱਕ ਲੈਅ ਵਿੱਚ ਅੰਦਰ ਤੇ ਬਾਹਰ ਹੋਣਾ ਚਾਹੀਦਾ ਹੈ। ਆਪਣੀਆਂ ਦੋਵੇਂ ਅੱਖਾਂ ਬੰਦ ਕਰਕੇ, ਡੂੰਘੇ ਸਾਹ ਲੈਣੇ ਸ਼ੁਰੂ ਕਰੋ। ਇੱਕ ਸਾਹ ਵਿੱਚ ਜਿੰਨੀ ਹਵਾ ਅੰਦਰ ਲੈ ਕੇ ਜਾ ਸਕਦੇ ਹੋ ਤੇ ਜਿੰਨੀ ਹਵਾ ਬਾਹਰ ਕੱਢ ਸਕਦੇ ਹੋ, ਪੂਰੇ ਜ਼ੋਰ ਨਾਲ ਬਾਹਰ ਕੱਢੋ। ਇਸ ਤਰ੍ਹਾਂ ਤੁਹਾਡੇ ਅੰਦਰ ਛੁਪੀ ਗੁਪਤ ਸ਼ਕਤੀ ਪ੍ਰਗਟ ਹੋ ਸਕਦੀ ਹੈ। ਸਾਹ ਲੈਣ ਦੇ ਪੰਜ ਮਿੰਟ ਦੌਰਾਨ ਆਪਣੇ ਮਨ ਦੀ ਕੋਈ ਵੀ ਗੱਲ ਨਾ ਸੁਣੋ। ਆਪਣੀ ਸਾਰੀ ਤਾਕਤ ਇਸ ਕਿਰਿਆ ਦੇ ਅਭਿਆਸ ‘ਤੇ ਲਾ ਦੇਵੋ।
ਇਸ ਤੋਂ ਬਾਅਦ ਦੱਸ ਮਿੰਟ ਪੂਰੀ ਤਰ੍ਹਾਂ ਆਰਾਮ ਕਰੋ। ਜੇ ਲੇਟਣਾ ਚਾਹੁੰਦੇ ਹੋ ਤਾਂ ਲੇਟ ਸਕਦੇ ਹੋ। ਦੱਸ ਮਿੰਟ ਬਾਅਦ ਹੌਲੀ-ਹੌਲੀ ਅੱਖਾਂ ਖੋਲ੍ਹੋ। ਸਾਰਾ ਦਿਨ ਘੱਟ ਤੋਂ ਘੱਟ ਬੋਲੋ। ਇਸ ਕਿਰਿਆ ਦਾ ਸਰੀਰ ‘ਤੇ ਡੂੰਘਾ ਅਸਰ ਪੈਂਦਾ ਹੈ। ਸਰੀਰ ਵਿੱਚ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦਾ ਅਨੁਪਾਤ ਬਦਲਣ ਨਾਲ ਦਿਮਾਗ਼ ਤੇ ਖ਼ੂਨ ਵਿੱਚ ਕਈ ਰਸਾਇਣਿਕ ਤਬਦੀਲੀਆਂ ਹੁੰਦੀਆਂ ਹਨ। ਸਰੀਰ ਦੀ ਸਾਰੀ ਅੰਦਰੂਨੀ ਕਿਰਿਆ ਬਦਲ ਜਾਂਦੀ ਹੈ। ਸਾਰਾ ਸਰੀਰ ਹਲਕਾ ਹੋ ਜਾਂਦਾ ਹੈ। ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਸਰੀਰ ਦੀ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ। ਬਹੁਤ ਘੱਟ ਥਕਾਵਟ ਮਹਿਸੂਸ ਹੁੰਦੀ ਹੈ। ਜ਼ਿਆਦਾ ਆਕਸੀਜਨ ਨਾਲ ਸਰੀਰ ਦੇ ਸਾਰੇ ਅੰਗ ਪੂਰੀ ਤਰ੍ਹਾਂ ਉਤੇਜਿਤ ਹੋ ਜਾਂਦੇ ਹਨ। ਸਰੀਰ ਬਹੁਤ ਸੂਖਮ ਢੰਗ ਨਾਲ ਸੋਚਣਾ ਤੇ ਸਮਝਣਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਸਰੀਰ ਵਿੱਚ ਨਵੀਂ ਤਬਦੀਲੀ ਹੁੰਦੀ ਹੈ। ਜਿਹੜਾ ਕਿ ਡੂੰਘੀ ਸਾਹ ਕਿਰਿਆ ਨਾਲ ਹੀ ਸੰਭਵ ਹੈ। ਮਨ ਵਿਚਾਰਾਂ ਤੋਂ ਖ਼ਾਲੀ ਹੋ ਕੇ ਸਥਿਰ ਤੇ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਿਰਿਆ ਦੇ ਅਭਿਆਸ ਨਾਲ ਸਰੀਰ ਅੰਦਰ ਹੋਰ ਵੀ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ।
ਸਾਹ ਕਿਰਿਆ ਤੇ ਵਿਚਾਰਾਂ ਦਾ ਆਪਸ ਵਿੱਚ ਡੂੰਘਾ ਅਸਰ ਹੈ। ਜਦੋਂ ਮਾਨਸਿਕ ਤਣਾਓ ਚਿੰਤਾ ਜਾਂ ਫ਼ਿਕਰ ਵੱਧ ਜਾਣ ਤਾਂ ਅਸੀਂ ਡੂੰਘੀ ਸਾਹ ਕਿਰਿਆ ਨਾਲ ਆਪਣਾ ਮੂਡ ਠੀਕ ਕਰ ਸਕਦੇ ਹਾਂ। ਮਾਨਸਿਕ ਤਣਾਅ ਦੂਰ ਕਰਨ ਲਈ ਲੰਮੇ-ਲੰਮੇ ਸਾਹ ਲਵੋ। ਹੌਲੀ-ਹੌਲੀ ਡੂੰਘੇ ਤੇ ਲੰਮੇ ਸਾਹ ਲੈਣ ਨਾਲ ਸਰੀਰ ਤਾਜ਼ਗੀ ਤੇ ਸ਼ਕਤੀ ਨਾਲ ਭਰ ਜਾਵੇਗਾ। ਇਸ ਤੋਂ ਬਾਅਦ ਤੁਹਾਡਾ ਸਰੀਰ ਫੁਰਤੀਲਾ, ਮਾਨਸਿਕ ਤਣਾਅ ਦੂਰ ਤੇ ਮਨ ਸ਼ਾਂਤ ਚਿੱਤ ਹੋ ਜਾਂਦਾ ਹੈ। ਹਰ ਰੋਜ਼ ਸਵੇਰੇ-ਸ਼ਾਮ ਇਹ ਕਿਰਿਆ ਕਰਨ ਨਾਲ ਚਿੰਤਾ, ਫ਼ਿਕਰ, ਡਰ ਤੇ ਤਣਾਅ ਸਦਾ ਲਈ ਖ਼ਤਮ ਹੋ ਜਾਂਦੇ ਹਨ। ਇਹ ਸਭ ਤੋਂ ਸਰਲ ਤੇ ਸੌਖਾ ਤਰੀਕਾ ਹੈ।
ਲੇਖਕ – ਸੁਰਮੁੱਖ ਸਿੰਘ ਗਿੱਲ, ਫ਼ਤਿਹਗੜ੍ਹ ਸਾਹਿਬ
ਨਿਊਜ਼ੀਲੈਂਡ ਨੰਬਰ: 028 851 3921, ਵਟਸਅੱਪ ਨੰਬਰ: +91 75269 25297
Health & Fitness ਜੀਵਨ ਦੇ ਗੁੱਝੇ ਭੇਦ