ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ: ਰੂਸ ਤੇ ਪੱਛਮੀ ਦੇਸ਼ਾਂ ਦੇ ਵਿਵਾਦ ਕਾਰਨ ਸਾਂਝਾ ਐਲਾਨਨਾਮਾ ਜਾਰੀ ਨਾ ਹੋਇਆ

ਨਵੀਂ ਦਿੱਲੀ, 2 ਮਾਰਚ – ਯੂਕਰੇਨ ਸੰਘਰਸ਼ ਨੂੰ ਲੈ ਕੇ ਪੱਛਮੀ ਮੁਲਕਾਂ ਤੇ ਰੂਸ ਵਿਚਾਲੇ ਜਾਰੀ ਤਿੱਖੀ ਅਣਬਣ ਕਰਕੇ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਕੋਈ ਸਾਂਝਾ ਬਿਆਨ ਜਾਰੀ ਕਰਨ ਵਿੱਚ ਨਾਕਾਮ ਰਹੀ। ਮੇਜ਼ਬਾਨ ਭਾਰਤ ਨੇ ਦੋਵਾਂ ਧਿਰਾਂ ਵਿੱਚ ਬਣੇ ਵੱਖਰੇਵਿਆਂ ਨੂੰ ਦੂਰ ਕਰਨ ਦੇ ਯਤਨ ਕੀਤੇ, ਪਰ ਇਨ੍ਹਾਂ ਨੂੰ ਬਹੁਤਾ ਬੂਰ ਨਹੀਂ ਪਿਆ। ਭਾਰਤ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਨੇ ਸਮੂਹ ਲਈ ਵੱਖ-ਵੱਖ ਮੁੱਖ ਤਰਜੀਹਾਂ ਨੂੰ ਸੂਚੀਬੱਧ ਕਰਦੇ ਹੋਏ ਚੇਅਰ ਦੇ ਸੰਖੇਪ ਅਤੇ ਨਤੀਜਾ ਦਸਤਾਵੇਜ਼ ਨੂੰ ਅਪਣਾਇਆ।
ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੀਡੀਓ ਸੁਨੇਹੇ ਵਿੱਚ ਆਲਮੀ ਚੁਣੌਤੀਆਂ ਬਾਰੇ ਸਹਿਮਤੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਭੂ-ਸਿਆਸੀ ਤਣਾਅ ਨੂੰ ਲੈ ਕੇ ਬਣੇ ਵੱਖਰੇਵਿਆਂ ਨੂੰ ਸਮੂਹ ਵਿੱਚ ਬਣੀ ਸਹਿਯੋਗ ਦੀ ਭਾਵਨਾ ਨੂੰ ਅਸਰਅੰਦਾਜ਼ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸ੍ਰੀ ਮੋਦੀ ਨੇ ਮਹਾਤਮਾ ਗਾਂਧੀ ਤੇ ਬੁੱਧ ਦੀ ਮਿਸਾਲ ਦਿੰਦਿਆਂ ਬੈਠਕ ਵਿੱਚ ਸ਼ਾਮਲ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਤਹਿਜ਼ੀਬੀ ਸੁਭਾਅ ਤੋਂ ਪ੍ਰੇਰਨਾ ਲੈਂਦੇ ਹੋਏ ਤੋੜਨ ਵੱਲ ਨਹੀਂ ਬਲਕਿ ਜੋੜਨ ਵੱਲ ਧਿਆਨ ਕੇਂਦਰਤ ਕਰਨ।
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਲੈ ਕੇ ਵੱਖਰੇਵੇਂ ਸਨ, ਜਿਸ ਕਰਕੇ ਕੋਈ ਸਾਂਝਾ ਬਿਆਨ ਜਾਰੀ ਕਰਨ ਬਾਰੇ ਸਹਿਮਤੀ ਨਹੀਂ ਬਣ ਸਕੀ। ਜੈਸ਼ੰਕਰ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਜੇਕਰ ਅਸੀਂ ਸਾਰੇ ਮੁੱਦਿਆਂ ’ਤੇ ਸੰਵਾਦ ਕਰਦੇ ਤਾਂ ਸ਼ਾਇਦ ਇਕ ਸਾਂਝਾ ਬਿਆਨ ਜਾਰੀ ਹੋ ਜਾਂਦਾ, ਪਰ ਕੁੱਝ ਮੁੱਦੇ ਸਨ, ਜਿਸ ਨੂੰ ਲੈ ਕੇ ਮੈਂਬਰ ਮੁਲਕਾਂ ਵਿੱਚ ਵੱਖਰੇਵੇਂ ਸਨ।’’ ਉਨ੍ਹਾਂ ਕਿਹਾ ਕਿ ਯੂਕਰੇਨ ਵਿਵਾਦ ’ਤੇ ਵੱਖਰੇਵੇਂ ਸਨ, ਜਿਨ੍ਹਾਂ ’ਤੇੇ ਸਹਿਮਤੀ ਨਹੀਂ ਬਣ ਸਕੀ। ਜੈਸ਼ੰਕਰ ਨੇ ਕਿਹਾ ਕਿ ਬੈਠਕ ਦਾ ਨਤੀਜਾ ਦਸਤਾਵੇਜ਼ ਤੇ ਚੇਅਰ ਵੱਲੋਂ ਕੱਢਿਆ ਸਾਰ ਤੱਤ ਆਲਮੀ ਚੁਣੌਤੀਆਂ ਨਾਲ ਸਿੱਝਣ ਦੇ ਜੀ-20 ਦੇ ਅਹਿਦ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਯੂਕਰੇਨ ਵਿਵਾਦ ਨੂੰ ਛੱਡ ਕੇ ਵੱਡੀ ਗਿਣਤੀ ਮਸਲਿਆਂ ’ਤੇ ਸਹਿਮਤ ਸਨ। ਚੇਅਰ ਦੀ ਸਾਰ ਤੱਤ ਤੇ ਨਤੀਜਾ ਦਸਤਾਵੇਜ਼ ਵਿੱਚ ਦੋ ਖੰਡ ਅਜਿਹੇ ਸਨ, ਜਿਨ੍ਹਾਂ ਵਿੱਚ ਯੂਕਰੇਨ ਵਿਵਾਦ ਦਾ ਜ਼ਿਕਰ ਸੀ, ਪਰ ਫੁਟਨੋਟ ਵਿੱਚ ਕਿਹਾ ਗਿਆ ਕਿ ਰੂਸ ਤੇ ਚੀਨ ਨੂੰ ਛੱਡ ਕੇ ਸਾਰੇ ਮੁਲਕ ਇਸ ਬਾਰੇ ਸਹਿਮਤ ਸਨ। ਇਹ ਦੋ ਖੰਡ ਜੀ-20 ਬਾਲੀ ਐਲਾਨਨਾਮੇ ’ਚੋਂ ਲਏ ਗਏ ਸਨ। ਇਨ੍ਹਾਂ ਦੋ ਪੈਰਿਆਂ ਵਿਚੋਂ ਇਕ ਵਿੱਚ ਲਿਖਿਆ ਸੀ, ‘‘ਕੌਮਾਂਤਰੀ ਕਾਨੂੰਨ ਅਤੇ ਬਹੁਪੱਖੀ ਪ੍ਰਣਾਲੀ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ, ਜੋ ਸ਼ਾਂਤੀ ਅਤੇ ਸਥਿਰਤਾ ਦੀ ਰਾਖੀ ਕਰਦਾ ਹੈ। ਇਸ ਵਿੱਚ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਦਰਜ ਸਾਰੇ ਉਦੇਸ਼ਾਂ ਅਤੇ ਸਿਧਾਂਤਾਂ ਦਾ ਬਚਾਅ ਕਰਨਾ ਅਤੇ ਹਥਿਆਰਬੰਦ ਸੰਘਰਸ਼ਾਂ ਵਿੱਚ ਨਾਗਰਿਕਾਂ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਸਮੇਤ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਪਾਲਣਾ ਸ਼ਾਮਲ ਹੈ।’’
ਜਰਮਨ ਦੇ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬੋਕ, ਬਰਤਾਨਵੀ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਤੇ ਯੂਰੋਪੀ ਯੂਨੀਅਨ ਦੇ ਵਿਦੇਸ਼ ਮਾਮਲਿਆਂ ਬਾਰੇ ਪ੍ਰਤੀਨਿਧ ਜੋਸੇਪ ਬੋਰੈੱਲ ਨੇ ਯੂਕਰੇਨ ’ਤੇ ਕੀਤੀ ਚੜ੍ਹਾਈ ਲਈ ਰੂਸ ਦੀ ਨੁਕਤਾਚੀਨੀ ਕੀਤੀ ਜਦੋਂਕਿ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੇ ਵਿਵਾਦ ਦੇ ਹੱਲ ਲਈ 12 ਨੁਕਤਿਆਂ ਵਾਲੀ ਚੀਨੀ ਸ਼ਾਂਤੀ ਯੋਜਨਾ ਦਾ ਹਵਾਲਾ ਦਿੱਤਾ।
ਉਧਰ ਜੈਸ਼ੰਕਰ ਨੇ ਜੀ-20 ਬੈਠਕ ਤੋਂ ਇਕਪਾਸੇ ਚੀਨ ਦੇ ਆਪਣੇ ਹਮਰੁਤਬਾ ਕਿਨ ਗੈਂਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਤੋਂ ਲੈ ਕੇ ਮੌਜੂਦਾ ਚੁਣੌਤੀਆਂ ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਤੇ ਅਮਨ ਦੀ ਬਹਾਲੀ ’ਤੇ ਚਰਚਾ ਕੀਤੀ। ਕਿਨ ਦੇ ਦਸੰਬਰ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਜੈਸ਼ੰਕਰ ਨਾਲ ਉਨ੍ਹਾਂ ਦੀ ਇਹ ਪਲੇਠੀ ਮੀਟਿੰਗ ਹੈ।