ਜੂਆ ਖੇਡਣ ਦੀ ਮਾੜੀ ਲੱਤ ਲੱਗ ਜਾਣ ਦੇ ਸਮਾਜਿਕ ਅਤੇ ਸਿਹਤ ਪੱਖੋਂ ਗੰਭੀਰ ਨਤੀਜੇ ਨਿਕਲਦੇ ਹਨ। ਜੂਆ ਗ਼ਰੀਬੀ ਨੂੰ ਵਧਾਉਂਦਾ ਹੈ, ਜਿਸ ਦਾ ਸਾਡੇ ਪਰਿਵਾਰਾਂ ਅਤੇ ਬੱਚਿਆਂ ‘ਤੇ ਡੂੰਘਾ ਅਸਰ ਪੈਂਦਾ ਹੈ। ਨਿਊਜ਼ੀਲੈਂਡ ਵਿੱਚ ਜੂਆ ਕਾਨੂੰਨੀ ਗਤੀਵਿਧੀ ਹੈ। ਇਸ ਕਰਕੇ ਇੱਥੇ ਆਏ ਪਰਵਾਸੀ, ਪਰਿਵਾਰਕ ਸਾਥ ਨਾ ਹੋਣ ਕਰਕੇ ਜਾਂ ਇਕੱਲੇਪਨ ਤੋਂ ਬਚਣ ਲਈ ਜੂਏ ਨੂੰ ਜ਼ਰ੍ਹੀਆ ਬਣਾ ਲੈਂਦੇ ਹਨ। ਸਾਡੇ ਕਈ ਅੰਤਰਰਾਸ਼ਟਰੀ ਵਿਦਿਆਰਥੀ ਜੂਏ ਨੂੰ ਸਿਰਫ਼ ਇੱਕ ਮਨੋਰੰਜਨ ਵਜੋਂ ਸ਼ੁਰੂ ਕਰਦੇ ਹਨ, ਜੋ ਬਾਅਦ ਵਿੱਚ ਇੱਕ ਆਦਤ ਤੇ ਨਸ਼ੇ ਦਾ ਰੂਪ ਲੈ ਲੈਂਦੀ ਹੈ। ਕੁੱਝ ਸਥਾਨਕ ਭਾਈਚਾਰੇ ਇਸ ਉਮੀਦ ਨਾਲ ਜੂਆ ਖੇਡਦੇ ਹਨ ਕਿ ਉਹ ਇਸ ਨਾਲ ਆਪਣੇ ਪਰਿਵਾਰਾਂ ਦੀ ਮਾਲੀ ਮਦਦ ਕਰ ਸਕਣਗੇ। ਇਹ ਕੋਸ਼ਿਸ਼ ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਕਰਨ ਦੀ ਮਾਨਸਿਕਤਾ ਵੱਲ ਲੈ ਕੇ ਜਾਂਦੀ ਹੈ ਜੋ ਕਿ ਉਨ੍ਹਾਂ ਦੇ ਪਰਿਵਾਰਾਂ ਉੱਤੇ ਆਰਥਿਕ ਦਬਾਅ ਹੋਰ ਵੀ ਵਧਾ ਦਿੰਦੀ ਹੈ।
ਜੂਏ ਲਈ ਪੱਬਾਂ ਤੇ ਕਲੱਬਾਂ ਵਿੱਚ ਲੱਗੀਆਂ ਪੋਕੀ ਮਸ਼ੀਨਾਂ (Pokie Machines), ਕਸੀਨੋ, ਸੱਟਾ, ਟੀ. ਏ. ਬੀ. (TAB), ਜਿਸ ਵਿੱਚ ਖੇਡਾਂ ‘ਤੇ ਲੱਗਣ ਵਾਲਾ ਸੱਟਾ ਅਤੇ ਲੋਟੋ ਵੀ ਸ਼ਾਮਲ ਹਨ। ਹਾਲ ਹੀ ਵਿੱਚ ਮੈਨੂੰ ‘ਪ੍ਰਾਬਲਮ ਗੈਂਬਲਿੰਗ ਫਾਊਂਡੇਸ਼ਨ’ (Problem Gambling Foundation) ਦੇ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਸੰਸਥਾ ਦੀ ਖੋਜ ਮੁਤਾਬਿਕ ਪੋਕੀ ਮਸ਼ੀਨਾਂ ਜੂਏ ਦੀ ਸਮੱਸਿਆ ਦਾ ਮੂਲ ਸਰੋਤ ਹਨ। ਉਨ੍ਹਾਂ ਅਨੁਸਾਰ ਨਿਊਜ਼ੀਲੈਂਡ ਵਿੱਚ 50 ਫੀਸਦੀ ਤੋਂ ਵੀ ਵੱਧ ਜੂਏ ਦਾ ਕਾਰਨ ਪੋਕੀ ਮਸ਼ੀਨਾਂ ਹੀ ਹਨ। ਸਾਡੇ ਸਥਾਨਕ ਪੱਬਾਂ ਵਿੱਚ ਸਥਿਤ ਪੋਕੀ ਮਸ਼ੀਨਾਂ ‘ਤੇ ਜੂਏਬਾਜ਼ਾਂ ਦੁਆਰਾ ਖ਼ਰਚੇ ਗਏ ਪੈਸੇ ਦੀ ਮਾਤਰਾ ਬਹੁਤ ਵਧ ਗਈ ਹੈ। ਇਹ ਅੰਕੜੇ ਮੇਰੇ ਚੋਣ ਖੇਤਰ ਮੈਨੁਕਾਓ ਵਰਗੇ ਘੱਟ ਡਿਸਾਇਲ (Decile) ਵਾਲੇ ਖੇਤਰਾਂ ਵਿੱਚ ਜ਼ਿਆਦਾ ਪ੍ਰਤੱਖ ਹਨ, ਜਿੱਥੇ ਹਰ 71 ਲੋਕਾਂ ਮਗਰ 1 ਮਸ਼ੀਨ ਹੈ, ਜਦ ਕਿ 7 ਤੋਂ 10 ਦਸ਼ਮਕ (Decile) ਵਾਲੇ ਖੇਤਰਾਂ ਵਿੱਚ ਇਹ ਅੰਕੜੇ 466 ਲੋਕਾਂ ਪਿੱਛੇ ਇੱਕ ਮਸ਼ੀਨ ਦੇ ਹਨ।
ਅੰਦਰੂਨੀ ਮਾਮਲਿਆਂ ਦੇ ਵਿਭਾਗ (Department of Internal Affairs) ਦੇ ਅੰਕੜੇ ਇਸ ਸਿਧਾਂਤ ਦਾ ਸਮਰਥਨ ਕਰਦੇ ਹਨ ਕਿ ਸਾਡੇ ਸਥਾਨਕ ਪੱਬਾਂ ਅਤੇ ਕਲੱਬਾਂ ‘ਚ ਮੌਜੂਦ ਪੋਕੀ ਮਸ਼ੀਨਾਂ ਉੱਤੇ ਭਾਰੀ ਗਿਣਤੀ ਦੇ ਵਿੱਚ ਜੂਆ ਖੇਡਿਆ ਜਾਂਦਾ ਹੈ। ਸਤੰਬਰ 2017 ਤੱਕ ਇੱਕ ਸਾਲ ਵਿੱਚ ਇਸ ਜੂਏ ਲਈ ਲਗਾਈ ਜਾਣ ਵਾਲੀ ਰਕਮ 878 ਮਿਲੀਅਨ ਡਾਲਰ ਤੱਕ ਸੀ। ਮਾਓਰੀ ਅਤੇ ਪੈਸੀਫਿਕ ਵਰਗ ਦੇ ਲੋਕ ਜੂਏ ਦੀ ਸਮੱਸਿਆ ਨਾਲ ਵਧੇਰੇ ਪ੍ਰਭਾਵਿਤ ਹਨ ਅਤੇ ਕੀਵੀ ਭਾਰਤੀ ਸਮਾਜ ਵਿੱਚ ਇਹ ਸਮੱਸਿਆ ਚਿੰਤਾਜਨਕ ਦਰ ਨਾਲ ਵੱਧ ਰਹੀ ਹੈ।
ਇੱਕ ਸੁਤੰਤਰ ਖੋਜ ਦੇ ਮੁਤਾਬਿਕ ਜੂਆ ਕੋਈ ਆਰਥਿਕ ਗਤੀਵਿਧੀ ਨਹੀਂ ਹੈ ਅਤੇ ਨਾ ਹੀ ਇਹ ਦੇਸ਼ ਦੇ ਆਰਥਿਕ ਜਾਂ ਸੈਰ ਸਪਾਟੇ ਦੇ ਵਿਕਾਸ ਲਈ ਉਸ ਨੂੰ ਦਰਜ ਕੀਤਾ ਜਾ ਸਕਦਾ ਹੈ। ਜੂਏ ਅਤੇ ਨੁਕਸਾਨ ਦੀ ਭਰਪਾਈ ਕਰਕੇ ਹੋਣ ਵਾਲੀਆਂ ਆਰਥਿਕ ਪਰੇਸ਼ਾਨੀਆਂ ਤੋਂ ਇਲਾਵਾ ਇਹ ਪਰਿਵਾਰਕ ਘਰੇਲੂ ਹਿੰਸਾ ਅਤੇ ਅਪਰਾਧ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਹਿੰਸਾ ਇਕ ਤਰ੍ਹਾਂ ਨਾਲ ਪਛਤਾਵੇ, ਡਰ ਜਾਂ ਚਿੰਤਾ ਦਾ ਨਤੀਜਾ ਹੁੰਦੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਸਾਡੇ ਬੱਚਿਆਂ ਅਤੇ ਪਰਿਵਾਰਾਂ ‘ਤੇ ਪੈਂਦਾ ਹੈ।
ਜੂਏ ਦੇ ਕਾਰਨ ਹੁੰਦੀਆਂ ਹਿੰਸਾ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਵਰਤੇ ਜਾਂਦੇ ਸਰੋਤ ਉਨ੍ਹਾਂ ਖੇਤਰਾਂ ਵਿੱਚ ਬਿਹਤਰ ਤਰੀਕੇ ਨਾਲ ਵਰਤੇ ਜਾ ਸਕਦੇ ਹਨ ਜਿੱਥੇ ਇਹ ਸਾਡੇ ਨਾਗਰਿਕਾਂ ਦੇ ਜੀਵਨ ‘ਤੇ ਵਧੀਆ ਅਸਰ ਪਾ ਸਕਦੇ ਹਨ। ਸਿਹਤ ਮੰਤਰਾਲੇ ਦੀ ਆਪਣੀ ਖੋਜ ਇਹ ਦਰਸਾਉਂਦੀ ਹੈ ਕਿ ਮੰਤਰਾਲੇ ਵੱਲੋਂ ਇੱਕ-ਚੌਥਾਈ ਤੋਂ ਜ਼ਿਆਦਾ ਮੁਹੱਈਆ ਕਰਾਇਆ ਗਿਆ ਸਹਿਯੋਗ ਜੂਏ ਕਾਰਨ ਹੋਣ ਵਾਲੀ ਪਰਿਵਾਰਕ ਹਿੰਸਾ ਖ਼ਿਲਾਫ਼ ਵਰਤਿਆ ਗਿਆ ਹੈ। ਸਾਡੀ ਜਨਤਕ ਸਿਹਤ ਪ੍ਰਣਾਲੀ ‘ਤੇ ਦਬਾਅ ਪਾਉਣ ਤੋਂ ਇਲਾਵਾ ਜੂਏ ਕਾਰਨ ਜੇਲ੍ਹਾਂ ਵਿੱਚ ਮੁਜਰਮਾਂ ਦੀ ਸੰਖਿਆ ‘ਤੇ ਵੀ ਖ਼ਾਸਾ ਪ੍ਰਭਾਵ ਪਿਆ ਹੈ।
ਗ਼ੈਰ-ਕਾਨੂੰਨੀ ਤੌਰ ‘ਤੇ ਪੈਸੇ ਦੀ ਧਾਂਦਲੀ (ਮਨੀ ਲਾਂਡਰਿੰਗ) ਦਾ ਵੀ ਅਹਿਮ ਮੁੱਦਾ ਹੈ ਜੋ ਕਿ ਟੈਕਸ ਚੋਰੀ, ਗ਼ੈਰ-ਕਾਨੂੰਨੀ ਸਰਗਰਮੀਆਂ ਅਤੇ ਅਤਿਵਾਦ ਲਈ ਧਨ ਜੁਟਾਉਣ ਅਤੇ ਸੱਟੇ ਵਰਗੇ ਵੱਡੇ ਪ੍ਰਸੰਗਾਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਸਰੋਤਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਕਰਕੇ ਪੱਬਾਂ ਅਤੇ ਕਲੱਬਾਂ ਵਿੱਚ ਹੋਰ ਵਾਧੂ ਖ਼ਰਚ ਹੋ ਰਿਹਾ ਹੈ। ਇਨ੍ਹਾਂ ਨੂੰ ਪਛਾਣਨ ਵਿੱਚ ਅਸਫਲਤਾ ਸਾਡੇ ਸਮਾਜ ਦੀ ਤੰਦਰੁਸਤੀ ਅਤੇ ਸਾਡੇ ਬੱਚਿਆਂ ਲਈ ਜਨਤਕ ਸਿਹਤ ਦੇ ਢਾਂਚੇ ਨੂੰ ਖੋਖਲਾ ਕਰੇਗੀ ਅਤੇ ਸਾਡੇ ਬੱਚਿਆਂ ਨੂੰ ਅਪਰਾਧ ਦੀ ਕਮਾਈ ਦੇ ਸਹਿਯੋਗ ਨਾਲ ਖੜੇ ਸਮਾਜ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਉਚੇਚੇ ਤੌਰ ‘ਤੇ ਸਿਹਤ ਅਤੇ ਜੇਲ੍ਹ ਵਿਵਸਥਾ ਦੇ ਨਾਲ-ਨਾਲ ਸਾਡੇ ਭਾਈਚਾਰਿਆਂ ‘ਤੇ ਜੂਏ ਦਾ ਬੁਰਾ ਅਸਰ ਪੈਂਦਾ ਹੈ। ਸਾਡੇ ਸਮਾਜ ਦੇ ਭਲੇ ਲਈ ਇਹ ਜ਼ਰੂਰੀ ਹੈ ਕਿ ਜੂਏ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਸਹਾਇਤਾ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਹੋਣ। ਸਾਨੂੰ ਜੂਏਬਾਜ਼ਾਂ ਅਤੇ ਅਜਿਹੀਆਂ ਆਦਤਾਂ ਤੋਂ ਪ੍ਰਭਾਵਿਤ ਹੋਰ ਲੋਕਾਂ ਲਈ ਉਨ੍ਹਾਂ ਦੀ ਲੋੜ ਅਨੁਸਾਰ (ਕਸਟਮਾਈਜ਼ਡ) ਸਹਿਯੋਗ ਦੇ ਨਾਲ-ਨਾਲ ਵਿੱਤੀ ਸਾਖਰਤਾ ਪ੍ਰਦਾਨ ਕਰਨ ਦੀ ਲੋੜ ਹੈ। ਅਜਿਹੇ ਭਾਈਚਾਰਿਆਂ ਦਾ ਹੋਣਾ ਸਾਡੇ ਹਿਤ ਵਿੱਚ ਹੈ ਜੋ ਕਿਸੇ ਵੀ ਪ੍ਰਕਾਰ ਦੇ ਜੂਏ ਦੀ ਆਦਤ ਵਿਰੁੱਧ ਮਦਦ ਲੈਣ ਵਿੱਚ ਸ਼ਰਮ ਮਹਿਸੂਸ ਨਾ ਕਰਨ। ਸਾਨੂੰ ਉਨ੍ਹਾਂ ਨੂੰ ਜੂਏ ਦੇ ਮਾੜੇ ਨਤੀਜਿਆਂ ਨੂੰ ਸਮਝਣ ਵਿੱਚ ਮਦਦ ਕਰਨ ਦੀ ਲੋੜ ਹੈ ਜੋ ਕਿ ਪਰਿਵਾਰਾਂ, ਭਾਈਚਾਰਿਆਂ, ਸਿਹਤ ਸੇਵਾਵਾਂ, ਕਾਨੂੰਨ ਅਤੇ ਪੁਲਿਸ ਨੂੰ ਪ੍ਰਭਾਵਿਤ ਕਰਦੇ ਹਨ।
ਸ. ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ
Columns ਜੂਆ ਸਾਡੇ ਸਮਾਜ ਅਤੇ ਦੇਸ਼ ਲਈ ਇੱਕ ਗੰਭੀਰ ਸਮੱਸਿਆ ਹੈ