ਜੂਨੀਅਰ ਮਹਿਲਾ ਹਾਕੀ ਵਰਲਡ ਕੱਪ: ਭਾਰਤੀ ਜੂਨੀਅਰ ਮਹਿਲਾ ਟੀਮ ਸੈਮੀ ਫਾਈਨਲ ‘ਚ ਨੀਦਰਲੈਂਡ ਤੋਂ 0-3 ਨਾਲ ਹਾਰੀ

ਪੋਟਚੈਫਸਟਰੂਮ (ਦੱਖਣੀ ਅਫ਼ਰੀਕਾ), 11 ਅਪ੍ਰੈਲ – ਭਾਰਤੀ ਮਹਿਲਾ ਹਾਕੀ ਟੀਮ ਦਾ ਐੱਫਆਈਐੱਚ ਜੂਨੀਅਰ ਵਰਲਡ ਕੱਪ ਜਿੱਤਣ ਦਾ ਸੁਫ਼ਨਾ ਉਸ ਵੇਲੇ ਟੁੱਟ ਗਿਆ, ਜਦੋਂ ਸੈਮੀ ਫਾਈਨਲ ਵਿੱਚ ਭਾਰਤੀ ਟੀਮ ਤਿੰਨ ਵਾਰ ਦੀ ਵਰਲਡ ਚੈਂਪੀਅਨ ਨੀਦਰਲੈਂਡ ਹੱਥੋਂ 3-0 ਤੋਂ ਹਾਰ ਗਈ। ਭਾਰਤ ਦਾ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ 2013 ਵਿੱਚ ਰਿਹਾ ਸੀ, ਜਿੱਥੇ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਟੀਮ ਨੇ ਇਸ ਵਾਰ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਲਈ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਸਾਰੇ ਲੀਗ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਸੀ। ਸੈਮੀ ਫਾਈਨਲ ਮੈਚ ਦੌਰਾਨ ਨੀਦਰਲੈਂਡ ਵੱਲੋਂ ਟੈੱਸਾ ਬੀਟਸਮਾ ਨੇ 12ਵੇਂ ਮਿੰਟ ਵਿੱਚ, ਲੂਨਾ ਫੋਕਕੇ ਨੇ 53ਵੇਂ ਅਤੇ ਜਿਪ ਡਿਕੇ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ ਤੇ ਟੀਮ ਨੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਵਿੱਚ ਨੀਦਰਲੈਂਡ ‘ਤੇ ਦਬਦਬਾ ਬਣਾਇਆ ਪਰ ਇਸ ਨੂੰ ਪੂਰੇ ਮੈਚ ਵਿੱਚ ਬਰਕਰਾਰ ਨਾ ਰੱਖ ਸਕੀ। ਭਾਰਤੀ ਖਿਡਾਰਨਾਂ ਸ਼ੁਰੂਆਤੀ ਕੁਆਰਟਰ ਮਿਲੇ ਤਿੰਨ ਪੈਨਲਟੀ ਕਾਰਨਰਾਂ ਨੂੰ ਵੀ ਗੋਲ ਵਿੱਚ ਨਾ ਬਦਲ ਸਕੀਆਂ।