ਜੂਨ 1984 ਘੱਲੂਘਾਰਾ ਦੀ 38ਵੀਂ ਵਰ੍ਹੇਗੰਢ ਮਨਾਈ

ਆਪਣੇ ਨੌਜਵਾਨਾਂ ਨੂੰ ਆਧੁਨਿਕ ਹਥਿਆਰਾਂ ਦੇ ਅਭਿਆਸ ਲਈ ਸ਼ੂਟਿੰਗ ਰੇਂਜਾਂ ਸਥਾਪਤ ਕੀਤੀਆਂ ਜਾਣ – ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 6 ਜੂਨ – ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੂਨ 1984 ‘ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਮੇਤ ਹੋਰ ਸ਼ਹੀਦ ਸਿੰਘ, ਸਿੰਘਣੀਆਂ ਦੀ ਯਾਦ ‘ਚ ਕਰਵਾਏ ਗਏ ਸਾਲਾਨਾ ਸ਼ਹੀਦੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ‘ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ‘ਤੇ ਹੋਏ ਜ਼ੁਲਮਾਂ ਦੀ ਦਰਦ ਭਰੀ ਗਾਥਾ ਹੈ, ਜੋ ਭਾਰਤੀ ਸਟੇਟ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਦੇਣ ਸੀ। 1984 ‘ਚ ਭਾਰਤ ਦੀ ਕਾਂਗਰਸ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 37 ਦੇ ਕਰੀਬ ਸਿੱਖ ਗੁਰਧਾਮਾਂ ‘ਤੇ ਫ਼ੌਜੀ ਹਮਲੇ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ, ਪਰ ਸਿੱਖ ਯੋਧਿਆਂ ਨੇ ਇਤਿਹਾਸ ਤੋਂ ਸੇਧ ਲੈਂਦਿਆਂ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਕੁਝ ਗਰਮ ਖ਼ਿਆਲੀ ਜਥੇਬੰਦੀਆਂ ਵੱਲੋਂ ਕੁਝ ਸਮਾਂ ਕੀਤੀ ਗਈ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਨੂੰ ਛੱਡ ਕੇ ਸ਼ਹੀਦੀ ਸਮਾਗਮ ਅਮਨ ਅਮਾਨ ਨਾਲ ਸੰਪੂਰਨ ਹੋ ਗਿਆ।
ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਘੱਲੂਘਾਰਾ ਦੀ 38ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ ‘ਚ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਗਰਮ ਤੇ ਨਰਮ ਦਲੀ ਸਿੱਖ ਜਥੇਬੰਦੀਆਂ ਦੇ ਆਗੂਆਂ, ਸ਼ਹੀਦ ਪਰਿਵਾਰਾਂ ਅਤੇ ਵੱਡੀ ਗਿਣਤੀ ‘ਚ ਸੰਗਤ ਨੇ ਸ਼ਿਰਕਤ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 7 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਬਾਅਦ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਕੀਤੇ ਜਾਣ ਅਤੇ ਅਰਦਾਸ ਤੇ ਹੁਕਮਨਾਮੇ ਉਪਰੰਤ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਰਾਜ ਦਾ ਸੰਕਲਪ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮ ਨੂੰ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਤੌਰ ‘ਤੇ ਮਜ਼ਬੂਤ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਵਿਰਸੇ ‘ਚ ਮਿਲੀ ਸਿੱਖ ਸ਼ਸਤਰ ਕਲਾ ‘ਚ ਵੀ ਨਿਪੁੰਨ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਿੱਖ ਜਥੇਬੰਦੀਆਂ ਤੇ ਸੰਗਤ ਨੂੰ ਹਦਾਇਤ ਕੀਤੀ ਕਿ ਸਿੱਖ ਨੌਜਵਾਨਾਂ ਲਈ ਗਤਕਾ ਅਖਾੜਿਆਂ ਤੇ ਅਕੈਡਮੀਆਂ ਅਤੇ ਆਧੁਨਿਕ ਹਥਿਆਰਾਂ ਦੇ ਅਭਿਆਸ ਲਈ ਸ਼ੂਟਿੰਗ ਰੇਂਜਾਂ ਸਥਾਪਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕੁਝ ਦੂਜੇ ਲੋਕ ਲੁੱਕ-ਛਿਪ ਕੇ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਰਹੇ ਹਨ, ਪਰ ਅਸੀਂ ਆਪਣੇ ਨੌਜਵਾਨਾਂ ਨੂੰ ਸ਼ਰੇਆਮ ਸ਼ਸਤਰ ਸਿਖਲਾਈ ਦੇਵਾਂਗੇ। ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਸਿੱਖੀ ਪ੍ਰਚਾਰ ਦੀ ਲੋੜ ‘ਤੇ ਜ਼ੋਰ ਦਿੱਤਾ। ਘੱਲੂਘਾਰਾ ਹਫ਼ਤੇ ਦੌਰਾਨ ਸਰਕਾਰ ਵੱਲੋਂ ਸੁਰੱਖਿਆ ਫੋਰਸਾਂ ਦੀ ਭਾਰੀ ਤਾਇਨਾਤੀ ‘ਤੇ ਸਵਾਲ ਉਠਾਉਂਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖ ਕੌਮ ਕਿਸੇ ਨੂੰ ਡਰਾਉਣ ਵਾਲੀ ਕੌਮ ਨਹੀਂ, ਸਗੋਂ ਇਹ ਤਾਂ ਮੁਲਜ਼ਮਾਂ ਦੀ ਰੱਖਿਆ ਕਰਦੀ ਆਈ ਹੈ। ਸ਼ਹੀਦੀ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੂਨ ’84 ਦੇ ਘੱਲੂਘਾਰੇ ਦੇ ਦੁਖਾਂਤ ਨੂੰ ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ, ਸਗੋਂ ਹਰ ਸਾਲ ਇਸ ਦੇ ਜ਼ਖ਼ਮ ਹੋਰ ਤਾਜ਼ਾ ਹੁੰਦੇ ਹਨ।
ਸ਼ਹੀਦ ਪਰਿਵਾਰਾਂ ਦਾ ਸਨਮਾਨ: ਸਮਾਗਮ ਮੌਕੇ ਘੱਲੂਘਾਰਾ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਧਰਮ ਪਤਨੀ ਬੀਬੀ ਹਰਮੀਤ ਕੌਰ, ਸਪੁੱਤਰੀ ਬੀਬੀ ਸਤਵੰਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ਼ਹੀਦ ਜਨਰਲ ਸੁਬੇਗ ਸਿੰਘ ਦੇ ਭਰਾਤਾ ਬੇਅੰਤ ਸਿੰਘ, ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭੁਪਿੰਦਰ ਸਿੰਘ ਭਲਵਾਨ ਸਮੇਤ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਗੁ: ਸ੍ਰੀ ਥੜਾ ਸਾਹਿਬ ਨੇੜੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਵੱਲੋਂ ਮਿਲ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਨਾ ਕਰਵਾ ਕੇ ਸਾਨੂੰ ਜਮਹੂਰੀ ਹੱਕਾਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੀ ਸੁਖਬੀਰ ਸਿੰਘ ਬਾਦਲ, ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ: ਚੰਦੂਮਾਜਰਾ ਨਾਲ ਬੈਠਕ ਹੋਈ ਸੀ, ਜਿਸ ਵਿਚ ਉਨ੍ਹਾਂ ਨੇ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਕੇ ਕਿਸੇ ਬੰਦੀ ਸਿੰਘ ਨੂੰ ਦੇਣ ਲਈ ਕਿਹਾ ਸੀ। ਮਾਨ ਨੇ ਕਿਹਾ ਕਿ ਪ੍ਰੋ: ਦਵਿੰਦਰ ਸਿੰਘ ਭੁੱਲਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ, ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਤੇ ਭਾਈ ਦਯਾ ਸਿੰਘ ਲਾਹੌਰੀਆ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾ ਦਿੱਤਾ ਜਾਵੇ। ਸ: ਮਾਨ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਸ ਦੀ ਹੱਤਿਆ ਦੀ ਪੜਤਾਲ ਕੌਮਾਂਤਰੀ ਤੌਰ ‘ਤੇ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼ਹੀਦੀ ਯਾਦਗਾਰ ਦੀਆਂ ਪੌੜੀਆਂ ‘ਚ ਖੜ੍ਹੇ ਹੋ ਕੇ ਕੌਮ ਦੇ ਨਾਂਅ ਸੰਦੇਸ਼ ਪੜ੍ਹਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਲੋਕਤੰਤਰ ਦੇ ਇਤਿਹਾਸ ‘ਚ ਇਕ ਕਾਲੇ ਦਿਨ ਵਜੋਂ ਦਰਜ ਹੈ, ਜਦੋਂ ਆਪਣੇ ਹੀ ਮੁਲਕ ਦੀ ਫ਼ੌਜ ਨੇ ਸਰਬ ਸਾਂਝੀਵਾਲਤਾ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਬੀਬੀਆਂ, ਬੱਚਿਆਂ ਅਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਅਤੇ ਪੰਜਾਬ ‘ਤੇ ਚਹੁੰ ਪਾਸੜ ਹਮਲਾ ਹੋ ਰਿਹਾ ਹੈ, ਸਿੱਖ ਹਿਜਰਤ ਕਰਕੇ ਵਿਦੇਸ਼ੀ ਧਰਤੀਆਂ ‘ਤੇ ਵੱਸਦੇ ਜਾ ਰਹੇ ਹਨ, ਪੰਜਾਬ ਖ਼ਾਲੀ ਹੋ ਰਿਹਾ ਹੈ। ਸਿੱਖ ਬੱਚੇ ਨਸ਼ਿਆਂ ਦੀ ਅਲਾਮਤ ਨੇ ਘੇਰ ਲਏ ਹਨ। ਜਿਨ੍ਹਾਂ ਨੌਜਵਾਨਾਂ ‘ਚ ਜਜ਼ਬਾ ਤੇ ਜ਼ਮੀਰ ਜਿਊਂਦੀ ਹੈ, ਉਨ੍ਹਾਂ ਨੂੰ ਸਾਡੇ ਸਿਸਟਮ ਨੇ ਗੈਂਗਸਟਰ ਬਣਾ ਦਿੱਤਾ, ਸਿੱਧੂ ਮੂਸੇਵਾਲਾ ਵਰਗੇ ਨੌਜਵਾਨ ਖ਼ਾਨਾ-ਜੰਗੀ ਦੀ ਭੇਟ ਚੜ੍ਹਦੇ ਨਜ਼ਰ ਆ ਰਹੇ ਹਨ। ਕੁਝ ਨੌਜਵਾਨ ਗੈਂਗਸਟਰਾਂ ਦੇ ਲੇਬਲ ਕਰ ਕੇ ਸਰਕਾਰਾਂ ਵੱਲੋਂ ਖ਼ਤਮ ਕਰ ਦਿੱਤੇ ਜਾਣਗੇ, ਕੁੱਲ ਮਿਲਾ ਕੇ ਨੁਕਸਾਨ ਸਿੱਖ ਪੰਥ ਦਾ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਆਗੂ ਕੌਮ ਦੇ ਮਸਲਿਆਂ ਤੋਂ ਮੂੰਹ ਮੋੜ ਚੁੱਕੇ ਹਨ ਅਤੇ ਕੁਰਸੀਆਂ ਦੀ ਦੌੜ ਵਿਚ ਰੁੱਝੇ ਹੋਏ ਹਨ। ਅਜਿਹੀ ਔਖੀ ਘੜੀ ‘ਚ ਹਰ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ।