ਵਾਸ਼ਿੰਗਟਨ 30 ਜੂਨ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵੇਲੇ ਡਾਵਾਂਡੋਲ ਵਾਲੀ ਸਥਿਤੀ ਵਿੱਚ ਹਨ ਤੇ ਜੇਕਰ ਚੋਣ ਸੰਭਾਵਨਾਵਾਂ ਵਿੱਚ ਸੁਧਾਰ ਨਾ ਹੋਇਆ ਤਾਂ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਲਾਂਭੇ ਹੋ ਸਕਦੇ ਹਨ। ਰਿਪਬਲਿਕਨ ਪਾਰਟੀ ਦੇ ਇਕ ਸੰਚਾਲਕ ਨੇ ‘ਫੌਕਸ ਨਿਊਜ਼’ ਨੂੰ ਦੱਸਿਆ ਕਿ ਜੇਕਰ ਟਰੰਪ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਹ ਜਿੱਤਣ ਦੀ ਸਥਿਤੀ ਵਿੱਚ ਨਹੀਂ ਹਨ ਤਾਂ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ। ਇਹ ਦਾਅਵਾ ਰਾਸ਼ਟਰਪਤੀ ਦੇ ਪਸੰਦੀਦਾ ਨਿਊਜ਼ ਸੈਂਟਰ ਵੱਲੋਂ ਕੀਤਾ ਗਿਆ ਹੈ ਜਿਸ ਦਾ ਵਾਈਟ ਹਾਊਸ ਵਿਚਲੇ ਲੋਕਾਂ ਨਾਲ ਸੰਪਰਕ ਹੈ ਜੋ ਟਰੰਪ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਸਰਵੇਖਣਾਂ ਵਿੱਚ ਟਰੰਪ ਦੀ ਹਾਲਤ ਪਤਲੀ ਹੈ। ਇਕ ਗੁਪਤ ਜੀ ਓ ਪੀ ਆਪਰੇਟਿਵ ਅਨੁਸਾਰ ਹਾਲਾਂ ਕਿ ਅਜੇ ਚੋਣਾਂ ਵਿੱਚ ਸਮਾਂ ਰਹਿੰਦਾ ਹੈ ਪਰ ਜੇਕਰ ਚੋਣ ਸਰਵੇਖਣਾਂ ਵਿੱਚ ਸੁਧਾਰ ਨਾ ਹੋਇਆ ਤੇ ਹਾਲਾਤ ਹੋਰ ਖ਼ਰਾਬ ਹੋ ਗਏ ਤਾਂ ਇਕ ਵੱਖਰੀ ਸਥਿਤੀ ਵੇਖਣ ਨੂੰ ਮਿਲੇਗੀ ਜਿਸ ਵਿੱਚ ਟਰੰਪ ਨਜ਼ਰ ਨਹੀਂ ਆਉਣਗੇ। ਫੌਕਸ ਨਿਊਜ਼ ਰਿਪੋਰਟ ਦੇ ਲੇਖਕ ਚਾਰਲਸ ਗਰਪਰੀਨੋ ਨੇ ਬਹੁਤ ਸਾਰੇ ਟਵੀਟ ਕੀਤੇ ਹਨ ਜਿਨ੍ਹਾਂ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੇ ਰਿਪਬਲਿਕਨ ਪਾਰਟੀ ਵਿਚਲੇ ਪ੍ਰਮੁੱਖ ਰਾਜਸੀ ਖਿਡਾਰੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਰਾਸ਼ਟਰਪਤੀ ਜੱਕੋ-ਤੱਕੀ ਵਿੱਚ ਹਨ ਕਿਉਂਕਿ ਉਨ੍ਹਾਂ ਦੇ ਦੂਸਰੀ ਵਾਰ ਚੋਣ ਜਿੱਤਣ ਦੀਆਂ ਸੰਭਾਵਨਾਵਾਂ ਰੋਜ਼ਾਨਾ ਘਟ ਰਹੀਆਂ ਵਿਖਾਈ ਦੇ ਰਹੀਆਂ ਹਨ। ਇਕ ਹੋਰ ਜੀ ਓ ਪੀ ਸੂਤਰ ਨੇ ਦੱਸਿਆ ਕਿ ਟਰੰਪ ਵੱਲੋਂ ਚੋਣ ਨਾ ਲੜਨ ਦੀ ਬਹੁਤ ਸੰਭਾਵਨਾ ਹੈ। ਜੋਅ ਬਿਡੇਨ ਜੋ ਰਾਸ਼ਟਰਪਤੀ ਦੀ ਚੋਣ ‘ਚ ਡੈਮੋਕਰੈਟਸ ਉਮੀਦਵਾਰ ਹਨ, ਇਸ ਵੇਲੇ 9 ਅੰਕ ਅਰਥਾਤ 9% ਵੋਟਾਂ ਦੇ ਫ਼ਰਕ ਨਾਲ ਟਰੰਪ ਤੋਂ ਅੱਗੇ ਹਨ। ਇਹ ਵੀ ਬਹੁਤ ਅਹਿਮ ਹੈ ਕਿ ਟਰੰਪ ਨੂੰ ਬਜ਼ੁਰਗ ਵਾਈਟ ਵੋਟਰਾਂ ਦੀ ਹਮਾਇਤ ਨਹੀਂ ਰਹੀ ਜੋ ਕਿ ਰਿਪਬਲਿਕਨ ਪਾਰਟੀ ਦੇ ਸਮਰਥਕ ਮੰਨੇ ਜਾਂਦੇ ਹਨ ਤੇ ਜਿਨ੍ਹਾਂ ਦੀ ਹਮਾਇਤ ਨਾਲ ਟਰੰਪ 2016 ਵਿੱਚ ਬਹੁਤ ਥੋੜ੍ਹੇ ਫ਼ਰਕ ਨਾਲ ਚੋਣ ਜਿੱਤੇ ਸਨ। ਟਰੰਪ ਤਕਰੀਬਨ ਸਾਰੇ ਉਨ੍ਹਾਂ ਰਾਜਾਂ ਵਿੱਚ ਸਾਬਕਾ ਉਪ ਰਾਸ਼ਟਰਪਤੀ ਤੋਂ ਪਛੜ ਰਹੇ ਹਨ ਜੋ ਰਾਜ ਕਦੀ ਵੀ ਇਕ ਪਾਰਟੀ ਦੇ ਹੱਕ ਵਿੱਚ ਨਹੀਂ ਭੁਗਤੇ। ਪਿਛਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਨ੍ਹਾਂ ਰਾਜਾਂ ਵਿੱਚ ਟਰੰਪ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਇੱਥੇ ਵਰਨਣਯੋਗ ਹੈ ਕਿ ਟਰੰਪ ਨਿਰੰਤਰ ਉਨ੍ਹਾਂ ਚੋਣ ਸਰਵੇਖਣਾਂ ਦੀ ਅਲੋਚਨਾ ਕਰਦੇ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਜੋਅ ਬਿਡੇਨ ਤੋਂ ਪਿੱਛੇ ਵਿਖਾਇਆ ਗਿਆ ਸੀ। ਹਾਲ ਹੀ ਵਿੱਚ ਵਾਸ਼ਿੰਗਟਨ ਪੋਸਟ ਦੇ ਸਰਵੇਖਣ ਵਿੱਚ 36% ਬਾਲਗਾਂ ਨੇ ਟਰੰਪ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਨਜਿੱਠਣ ਦੇ ਢੰਗ-ਤਰੀਕੇ ਨੂੰ ਉਚਿੱਤ ਠਹਿਰਾਇਆ ਹੈ ਜਦ ਕਿ 62% ਨੇ ਕਿਹਾ ਹੈ ਟਰੰਪ ਨਾਕਾਮ ਸਾਬਤ ਹੋਏ ਹਨ। ਨਿਊਯਾਰਕ ਟਾਈਮਜ਼ ਦੇ ਸਰਵੇਖਣ ਦੇ ਨਤੀਜੇ ਵੀ ਇਸ ਕਿਸਮ ਦੇ ਹੀ ਰਹੇ ਹਨ। ਨਿਊਯਾਰਕ ਟਾਈਮਜ਼ ਦੇ ਸੀਏਨਾ ਕਾਲਜ ਸਰਵੇਖਣ ਅਨੁਸਾਰ 58% ਅਮਰੀਕੀਆਂ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਟਰੰਪ ਦੇ ਢੰਗ- ਤਰੀਕੇ ਨੂੰ ਰੱਦ ਕੀਤਾ ਹੈ ਤੇ ਕੇਵਲ 38% ਨੇ ਇਸ ਮੁੱਦੇ ‘ਤੇ ਟਰੰਪ ਦੇ ਹੱਕ ਵਿੱਚ ਹਾਮੀ ਭਰੀ ਹੈ।
Home Page ਜੇਕਰ ਸਥਿਤੀ ਨਾ ਬਦਲੀ ਤਾਂ ਟਰੰਪ ਰਾਸ਼ਟਰਪਤੀ ਚੋਣ ਤੋਂ ਹੋ ਸਕਦੇ ਹਨ...