ਨਵੀਂ ਦਿੱਲੀ, 21 ਦਸੰਬਰ – ਆਮ ਆਦਮੀ ਪਾਰਟੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਿੱਚ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਸੋਮਵਾਰ ਨੂੰ ਅਦਾਲਤ ਤੱਕ ਪਹੁੰਚ ਗਈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਦੇ 6 ਆਗੂਆਂ ਖ਼ਿਲਾਫ਼ ਪਟਿਆਲਾ…. ਹਾਊਸ ਕੋਰਟ ਵਿੱਚ ਦੀਵਾਨੀ ਤੇ ਫ਼ੌਜਦਾਰੀ ਮਾਣਹਾਨੀ ਕੇਸ ਦਰਜ ਕਰਾਏ ਹਨ ਅਤੇ ਹਰਜਾਨੇ ਵਜੋਂ ਦਸ ਕਰੋੜ ਰੁਪਏ ਮੰਗੇ ਹਨ। ਦੋਸ਼ ਸਿੱਧ ਹੋਣ ‘ਤੇ ਦੋ ਸਾਲ ਤਕ ਦੀ ਜੇਲ੍ਹ ਵੀ ਹੋ ਸਕਦੀ ਹੈ। ਪਟੀਸ਼ਨਾਂ ਵਿੱਚ ਸ੍ਰੀ ਕੇਜਰੀਵਾਲ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੈ ਸਿੰਘ, ਰਾਘਵ ਚੱਢਾ ਤੇ ਦੀਪਕ ਬਾਜਪਾਈ ਦੇ ਨਾਂ ਸ਼ਾਮਲ ਹਨ।
ਪਟਿਆਲਾ ਹਾਊਸ ਕੋਰਟ ਵਿੱਚ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਨਾਲ ਐਮ. ਵੈਂਕਈਆ ਨਾਇਡੂ, ਸਿਮ੍ਰਿਤੀ ਇਰਾਨੀ, ਧਰਮਿੰਦਰ ਪ੍ਰਧਾਨ ਤੇ ਜੇ. ਪੀ. ਨੱਢਾ ਸਮੇਤ ਕਈ ਹੋਰ ਕੇਂਦਰੀ ਮੰਤਰੀ ਅਤੇ ਵੱਡੀ ਗਿਣਤੀ ਭਾਜਪਾ ਵਰਕਰਜ਼ ਪੁੱਜੇ। ਉਨ੍ਹਾਂ ਨੇ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਸੰਜੈ ਖਨਗਵਾਲ ਕੋਲ ਅਪਰਾਧਿਕ ਸ਼ਿਕਾਇਤ ਦਿੱਤੀ। ਉਨ੍ਹਾਂ ਆਈਪੀਸੀ ਦੀ ਧਾਰਾ 499 (ਮਾਣਹਾਨੀ), 500 (ਸਜ਼ਾ), 501 ਤੇ 502 (ਅਪਮਾਨਜਨਕ ਮਾਮਲਾ ਪ੍ਰਕਾਸ਼ਿਤ ਕਰਨਾ ਤੇ ਵੇਚਣਾ) ਤਹਿਤ ਸ਼ਿਕਾਇਤ ਦਰਜ ਕਰਾਈ ਹੈ। ਅਦਾਲਤ ਨੇ ਇਸ ਸ਼ਿਕਾਇਤ ‘ਤੇ ਨੋਟਿਸ ਲੈਂਦਿਆਂ ਸ੍ਰੀ ਜੇਤਲੀ ਨੂੰ 5 ਜਨਵਰੀ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਸੱਦ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿੱਚ ਸ੍ਰੀ ਕੇਜਰੀਵਾਲ ਤੇ ਪੰਜ ‘ਆਪ’ ਆਗੂਆਂ ਖ਼ਿਲਾਫ਼ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਅਪਮਾਨਜਨਕ ਬਿਆਨ ਦੇਣ ਦੇ ਦੋਸ਼ ਵਿੱਚ ਸਿਵਲ ਕੇਸ ਦਰਜ ਕਰਾਇਆ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਸੀਬੀਆਈ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਸਕੱਤਰੇਤ ਵਿੱਚ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਖ਼ਿਲਾਫ਼ ਮਾਰੇ ਗਏ ਛਾਪੇ ਬਾਅਦ ‘ਆਪ’ ਆਗੂਆਂ ਨੇ ਸ੍ਰੀ ਜੇਤਲੀ ਖ਼ਿਲਾਫ਼ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਏ ਸਨ। ਇਸ ‘ਤੇ ਵਿੱਤ ਮੰਤਰੀ ਨੇ ਕਾਨੂੰਨੀ ਰਸਤਾ ਅਖ਼ਤਿਆਰ ਕੀਤਾ ਹੈ।
Indian News ਜੇਤਲੀ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ ਮਾਣਹਾਨੀ ਕੇਸ ਦਰਜ ਕਰਵਾਏ