ਵਾਸ਼ਿੰਗਟਨ, 12 ਅਗਸਤ (ਹੁਸਨ ਲੜੋਆ ਬੰਗਾ) – ਡੈਮੋਕਰੈਟਸ ਉਮੀਦਵਾਰ ਜੋਅ ਬਾਇਡਨ ਨੇ ਨਵੰਬਰ 2020 ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੀਆਂ ਚੋਣਾਂ ਲਈ ਸੈਨੇਟਰ ਕਮਲਾ ਹੈਰਿਸ ਨੂੰ ਆਪਣਾ ‘ਰਨਿੰਗ ਮੇਟ’ ਚੁਣਿਆ ਹੈ। ਇਸ ਤਰਾਂ ਜੇਕਰ ਜੋਅ ਬਾਇਡਨ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਕਮਲਾ ਹੈਰਿਸ ਅਮਰੀਕਾ ਦੀ ਉੱਪ ਰਾਸ਼ਟਰਪਤੀ ਬਣੇਗੀ। ਉਹ ਪਹਿਲੀ ਏਸ਼ੀਅਨ-ਅਮਰੀਕਨ ਔਰਤ ਹੈ ਜੋ ‘ਰਨਿੰਗ ਮੇਟ’ ਚੁਣੀ ਗਈ ਹੈ। ਜੋਅ ਬਾਇਡਨ ਨੇ ਕਮਲਾ ਹੈਰਿਸ ਨੂੰ ਨਿਡਰ ਯੋਧਾ ਕਿਹਾ ਹੈ। ਹਾਲਾਂ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਸ ਉਮੀਦਵਾਰ ਦੀ ਨਾਮਜ਼ਦਗੀ ਚੋਣ ਦੌਰਾਨ ਜੋਅ ਬਾਇਡਨ ਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਨੋਕ-ਝੋਕ ਵੀ ਹੁੰਦੀ ਰਹੀ ਹੈ ਪਰ ਜੋਅ ਬਾਇਡਨ ਨੇ ਇਸ ਸਭ ਕੁੱਝ ਨੂੰ ਭੁੱਲਾ ਕੇ ਕਮਲਾ ਹੈਰਿਸ ਦੀ ਚੋਣ ਕੀਤੀ ਹੈ। ਹੈਰਿਸ ਦਾ ਜਨਮ ਓਕਲੈਂਡ, ਕੈਲੀਫੋਰਨੀਆ ਵਿੱਚ ਹੋਇਆ। ਉਸ ਦੀ ਮਾਂ ਭਾਰਤੀ ਮੂਲ ਤੇ ਪਿਤਾ ਜਮਾਇਕਾ ਮੂਲ ਦੇ ਸਨ। ਹੈਰਿਸ ਪੇਸ਼ੇ ਪੱਖੋਂ ਵਕੀਲ ਹੈ ਤੇ ਉਸ ਨੇ ਵਕਾਲਤ ਦੀ ਡਿਗਰੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਤਹਿਤ ਆਉਂਦੇ ਹੇਸਟਿੰਗਜ ਕਾਲਜ ਆਫ਼ ਲਾਅ ਤੋਂ ਕੀਤੀ। ਉਸ ਦੀ ਚੋਣ ਉੱਪਰ ਭਾਰਤੀ ਮੂਲ ਦੇ ਲੋਕਾਂ ਸਮੇਤ ਕਾਲੇ ਭਾਈਚਾਰੇ ਵਿੱਚ ਖ਼ੁਸ਼ੀ ਪਾਈ ਜਾ ਰਹੀ ਹੈ। ‘ਸ਼ੀ ਦਾ ਪੀਪਲ’ ਨਾਂ ਦੇ ਗਰੁੱਪ ਦੀ ਸੰਸਥਾਪਕ ਐਮੀ ਐਲੀਸਨ ਨੇ ਕਿਹਾ ਹੈ ਕਿ ਅੱਜ ਆਸ ਦੀ ਨਵੀਂ ਕਿਰਨ ਪੈਦਾ ਹੋਈ ਹੈ। ਇਸ ਗਰੁੱਪ ਨੇ ਜੋਅ ਬਾਇਡਨ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੀ ‘ਰਨਿੰਗ ਮੇਟ’ ਕਿਸੇ ਸ਼ਾਹਫਿਆਮ ਔਰਤ ਨੂੰ ਚੁਣੇ।
ਮਰਦਾਂ ਦੀ ਹੋਈ ਬੇਇੱਜ਼ਤੀ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੋਅ ਬਾਇਡਨ ਨੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਇੱਕ ਔਰਤ ਦੀ ਚੋਣ ਕਰਕੇ ਮੁਕਾਬਲੇ ਵਿੱਚ ਸ਼ਾਮਿਲ ਕੁੱਝ ਮਰਦਾਂ ਦੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਨੇ ਫੌਕਸ ਸਪੋਰਟਸ ਰੇਡੀਓ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਜੋਅ ਬਾਇਡਨ ਲੋਕਾਂ ਦੇ ਇੱਕ ਵਿਸ਼ੇਸ਼ ਗਰੁੱਪ ਵਿੱਚ ਘਿਰੇ ਹੋਏ ਹਨ। ਕੁੱਝ ਲੋਕ ਇਸ ਨੂੰ ਮਰਦਾਂ ਦੀ ਬੇਇੱਜ਼ਤੀ ਕਹਿਣਗੇ ਤੇ ਕੁੱਝ ਹੋਰ ਇਸ ਨੂੰ ਵਧੀਆ ਕਹਿਣਗੇ। ਲੋਕ ਉੱਪ ਰਾਸ਼ਟਰਪਤੀ ਨੂੰ ਵੋਟਾਂ ਨਹੀਂ ਪਾਉਣਗੇ। ਵੋਟਾਂ ਤਾਂ ਰਾਸ਼ਟਰਪਤੀ ਦੇ ਅਹੁਦੇ ਲਈ ਖੜ੍ਹੇ ਉਮੀਦਵਾਰ ਨੂੰ ਪੈਣੀਆਂ ਹਨ। ਮੇਰੇ ਲਈ ਇਹ ਕੋਈ ਮੁੱਦਾ ਨਹੀਂ ਹੈ’।
Home Page ਜੋਅ ਬਾਇਡਨ ਨੇ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਵਜੋਂ ਕੀਤਾ ਨਾਮਜ਼ਦ, ਰਾਸ਼ਟਰਪਤੀ...