ਜੰਗਲਾਤ ਵਿਭਾਗ ‘ਚ ਭ੍ਰਿਸ਼ਟਾਚਾਰ: ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ

ਚੰਡੀਗੜ੍ਹ/ਐੱਸਏਐੱਸ ਨਗਰ (ਮੁਹਾਲੀ), 7 ਜੂਨ – ਵਿਜੀਲੈਂਸ ਬਿਊਰੋ ਨੇ ਜੰਗਲਾਤ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਅੱਜ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਉਨ੍ਹਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਤੇ ਓਐੱਸਡੀ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਸ਼ਾਮ ਨੂੰ ਸਾਧੂ ਸਿੰਘ ਧਰਮਸੋਤ, ਚਮਕੌਰ ਸਿੰਘ ਤੇ ਕਮਲਜੀਤ ਸਿੰਘ ਨੂੰ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਿੱਥੋਂ ਤਿੰਨਾਂ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸੇ ਕੇਸ ਵਿੱਚ ਨਾਮਜ਼ਦ ਕੀਤੇ ਗਏ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਤੜਕੇ ਤਿੰਨ ਵਜੇ ਗ੍ਰਿਫ਼ਤਾਰ ਕੀਤੇ ਗਏ ਧਰਮਸੋਤ ‘ਤੇ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ ਤੇ ਐੱਨਓਸੀ ਜਾਰੀ ਕਰਨ ਆਦਿ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ ਗਏ ਹਨ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹਰਮੋਹਿੰਦਰ ਸਿੰਘ ਉਰਫ਼ ਹਮੀ ਨਾਂ ਦਾ ਠੇਕੇਦਾਰ ਆਪਣੀ ਫ਼ਰਮ ਗੁਰੂਹਰ ਐਸੋਸੀਏਟਸ ਦੇ ਨਾਂ ‘ਤੇ ਜੰਗਲਾਤ ਵਿਭਾਗ ਤੋਂ ਕਟਾਈ ਲਈ ਲੋੜੀਂਦਾ ਪਰਮਿਟ ਪ੍ਰਾਪਤ ਕਰਕੇ ਰਾਜ ਵਿੱਚ ਖੈਰ ਦੇ ਦਰੱਖਤ ਕੱਟਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਉਸ ਨੇ ਅਕਤੂਬਰ-ਮਾਰਚ ਸੀਜ਼ਨ ਲਈ ਲਗਭਗ 7000 ਦਰੱਖਤ ਕੱਟਣ ਲਈ ਪਰਮਿਟ ਲਏ ਸਨ।