ਲੰਡਨ -(ਨਿਊਜ਼ ਡੈਸਕ) ਇੰਗਲੈਂਡ ਵਾਸੀ ਨੌਜ਼ਵਾਨ ਪੱਤਰਕਾਰ ਤੇ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਵੀ ਹੁਣ ਆਪਣੀ ਹਾਜ਼ਰੀ ਇੱਕ ਗੀਤਕਾਰ ਵਜੋਂ ਲਗਵਾਈ ਹੈ। ਇਹ ਉਹ ਮਨਦੀਪ ਖੁਰਮੀ ਹੈ ਜਿਸ ਨੇ ਆਪਣੇ ਪਿੰਡ ਹਿੰਮਤਪੁਰਾ ਦੇ ਨਾਮ Ḕਤੇ ਵੈੱਬਸਾਈਟ ਬਣਾ ਕੇ ਪੂਰੀ ਦੁਨੀਆ ਦੇ ਪੰਜਾਬੀ ਅਖ਼ਬਾਰਾਂ ਨੂੰ ਇੱਕੋ ਜਗ੍ਹਾ ਇਕੱਠੇ ਕੀਤਾ ਹੋਇਆ ਹੈ। ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਹਨਾਂ ਵੱਲੋਂ ਲਿਖਿਆ ਗੀਤ ਕਿਸੇ ਕੁੜੀ ਦੇ ਲੱਕ, ਜੱਟ ਦੇ ਲਲਕਾਰੇ, ਕਾਲਜ਼ ਨੂੰ ਆਸ਼ਕੀ ਦੇ ਅੱਡੇ ਦਿਖਾਉਣ ਦੀ ਹਾਮੀ ਨਹੀਂ ਭਰਦਾ ਸਗੋਂ ਉਹਨਾਂ ਨੇ ਆਪਣੇ ਗੀਤ “ਜੱਟ ਵਿਚਾਰਾ” ਰਾਹੀਂ ਦਿਖਾਇਆ ਹੈ ਕਿ ਅਖੌਤੀ ਗਾਇਕ ਤੇ ਗੀਤਕਾਰ ਆਪਣੇ ਗੀਤਾਂ ਰਾਹੀਂ ਜੋ ਜੱਟ ਦੀ ਤਸਵੀਰ ਦਿਖਾ ਰਹੇ ਹਨ ਉਹ ਅਸਲੋਂ ਝੂਠੀ ਹੈ। ਇਸ ਗੀਤ ਨੂੰ ਆਪਣੀ ਮਧੁਰ ਆਵਾਜ਼ ਦਿੱਤੀ ਹੈ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਗੋਲਡ ਮੈਡਲਿਸਟ ਢਾਡੀ ਜੱਥੇ ਨੇ। ਢਾਡੀ ਭਾਈ ਲਖਵੀਰ ਸਿੰਘ ਪਰੀਤ, ਭਾਈ ਰਸ਼ਪਾਲ ਸਿੰਘ ਮਾਣਾ ਅਤੇ ਸਾਰੰਗੀ ਮਾਸਟਰ ਭਾਈ ਹਰਦੀਪ ਸਿੰਘ ਦੀਪ ਦੀ ਮਿਹਨਤ ਨਾਲ ਤਿਆਰ ਗੀਤ “ਛੱਡੋ ਜੱਟ ਨੂੰ ਬਥੇਰਾ ਲੀਰੋ ਲੀਰ ਕਰਤਾ” ਨਿਰੋਲ ਸਾਹਿਤਕ ਗੀਤ ਸੁਣਨ ਵਾਲੇ ਲੋਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਗਿਆਨੀ ਸਰੂਪ ਸਿੰਘ ਕਡਿਆਣਾ ਅਤੇ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਸੱਭਿਆਚਾਰ ਦੀ ਸੇਵਾ ਦੇ ਨਾਂ Ḕਤੇ ਗਾਇਕਾਂ ਗੀਤਕਾਰਾਂ ਵੱਲੋਂ ਪਰਿਵਾਰਕ ਰਿਸ਼ਤਿਆਂ ਨੂੰ ਵੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਰ ਕੁੜੀ ਨੂੰ ਸਿਰਫ ਮਸ਼ੂਕ ਬਣਾ ਕੇ ਹੀ ਪੇਸ਼ ਕੀਤਾ ਜਾ ਰਿਹਾ ਹੈ। ਲੋਕਾਂ ਦੇ ਪੁੱਤਾਂ ਨੂੰ ਵੈਲੀ ਲਫੰਗੇ ਬਣਨ ਦੇ ਵੱਲ ਦੱਸੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਸਰਕਾਰਾਂ ਵੱਲੋਂ ਬਿਜ਼ਲੀ ਪਾਣੀ ਤੇ ਸਬਸਿਡੀਆਂ ਆਦਿ ਦੇ ਨਾਂ Ḕਤੇ ਕਿਸਾਨ ਤਬਕੇ ਨੂੰ ਭਰਮਾਇਆ ਜਾ ਰਿਹਾ ਹੈ ਉੱਥੇ ਰਹਿੰਦੀ ਕਸਰ ਗਾਇਕ ਕੱਢੀ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਗੀਤ ਅਜਿਹੇ ਅਖੌਤੀ ਸੱਭਿਆਚਾਰ ਦੇ ਸੇਵਕਾਂ ਨੂੰ “ਹੁਣ ਬੱਸ ਕਰੋ” ਕਹਿਣ ਲਈ ਹੀ ਤਿਆਰ ਕੀਤਾ ਹੈ। ਗਿਆਨੀ ਸਰੂਪ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਸਕੂਨ ਆਖਰੀ ਸਾਹ ਤੱਕ ਰਹੇਗਾ ਕਿ ਉਹਨਾਂ ਦੇ ਇਸ ਉੱਦਮ ਨੂੰ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਸੁਣ ਸਕਦੇ ਹਨ। ਇਸ ਗੀਤ ਨੂੰ ਯੂ-ਟਿਊਬ Ḕਤੇ “ਜੱਟ ਵਿਚਾਰਾ” (Jatt Vichara) ਲਿਖ ਕੇ ਸੁਣਿਆ ਜਾ ਸਕਦਾ ਹੈ।
Cultural “ਜੱਟ ਵਿਚਾਰਾ” ਗੀਤ ਸੱਭਿਆਚਾਰਕ ਗੰਦ ਖਿਲਾਫ “ਬੱਸ ਕਰੋ” ਦਾ ਹੋਕਾ- ਗਿਆਨੀ ਸਰੂਪ...