ਵਾਸ਼ਿੰਗਟਨ 20 ਮਈ (ਹੁਸਨ ਲੜੋਆ ਬੰਗਾ) – ਨਿਰੰਤਰ ਫੈਲ ਰਹੀ ਕੋਵਿਡ-19 ਉੱਪਰ ਚਿੰਤਾ ਪ੍ਰਗਟ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਬਿਮਾਰੀਆਂ ‘ਤੇ ਨਿਯੰਤਰਣ ਤੇ ਰੋਕਥਾਮ ਬਾਰੇ ਕੇਂਦਰ (ਸੀ.ਡੀ.ਸੀ) ਦੇ ਸਰਹੱਦੀ ਪਾਬੰਦੀਆਂ ਬਾਰੇ ਹੁਕਮ ਦੀ ਮਿਆਦ ਨੂੰ ਅਣਮਿਥੇ ਸਮੇਂ ਲਈ ਵਧਾ ਦਿੱਤਾ ਹੈ। ਇਸ ਹੁਕਮ ਤਹਿਤ ਸਰਹੱਦ ਉੱਪਰ ਤਾਇਨਾਤ ਸੰਘੀ ਅਧਿਕਾਰੀ ਅਮਰੀਕਾ ਵਿੱਚ ਦਾਖਲ ਹੁੰਦੇ ਅਣਅਧਿਕਾਰਤ ਲੋਕਾਂ ਨੂੰ ਫ਼ੌਰੀ ਉਨ੍ਹਾਂ ਦੇ ਮੂਲ ਦੇਸ਼ ਵੱਲ ਵਾਪਸ ਭੇਜ ਰਹੇ ਹਨ। ਸੀ.ਡੀ.ਸੀ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਨੇ ਆਪਣੇ ਹੁਕਮ ਵਿੱਚ ਲਿਖਿਆ ਹੈ ਕਿ ਉਸ ਸਮੇਂ ਜਦੋਂ ਕੋਰੋਨਾਵਾਇਰਸ ਵਿਰੁੱਧ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਅਸਰਦਾਇਕ ਹਨ, ਅਜਿਹੇ ਵਿੱਚ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਬਾਹਰੋਂ ਆਉਣ ਵਾਲੇ ਲੋਕਾਂ ਕਾਰਨ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ। ਸੀ.ਡੀ.ਸੀ ਦੇ ਅਗਲੇ ਹੁਕਮਾਂ ਤੱਕ ਇਹ ਨਿਰਦੇਸ਼ ਲਾਗੂ ਰਹਿਣਗੇ। ਸੀ. ਡੀ. ਸੀ ਨੇ ਕਿਹਾ ਹੈ ਕਿ ਉਸ ਦੀ ਇਨ੍ਹਾਂ ਹੁਕਮਾਂ ਉੱਪਰ ਹਰੇਕ 30 ਦਿਨਾਂ ਬਾਅਦ ਨਜ਼ਰਸਾਨੀ ਕਰਨ ਦੀ ਯੋਜਨਾ ਹੈ।
1552 ਹੋਰ ਮੌਤਾਂ – ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਕਾਰਨ 1,552 ਹੋਰ ਮਰੀਜ਼ ਦਮ ਤੋੜ ਗਏ ਹਨ। ਮੌਤਾਂ ਦੀ ਕੁਲ ਗਿਣਤੀ 93,533 ਹੋ ਗਈ ਹੈ ਜਦ ਕਿ 20,289 ਨਵੇਂ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ਇਸ ਤਰਾਂ ਪੀੜਤ ਮਰੀਜ਼ਾਂ ਦੀ ਗਿਣਤੀ 15,70,583 ਹੋ ਗਈ ਹੈ। 4,797 ਹੋਰ ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਘਰਾਂ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਤੱਕ 3,61,180 ਮਰੀਜ਼ ਠੀਕ ਹੋ ਚੁੱਕੇ ਹਨ। ਲੋਕਾਂ ਦੇ ਸਿਹਤਮੰਦ ਹੋਣ ਦੀ ਦਰ 79% ਹੈ। ਇਕੱਲੇ ਨਿਊਯਾਰਕ ਵਿੱਚ ਹੁਣ ਤੱਕ 28,648 ਅਮਰੀਕੀਆਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਮੌਤਾਂ ਦੇ ਮਾਮਲੇ ਵਿੱਚ ਦੂਸਰਾ ਸਥਾਨ ਨਿਊਜਰਸੀ ਦਾ ਹੈ ਜਿੱਥੇ 10,591 ਮੌਤਾਂ ਹੋ ਚੁੱਕੀਆਂ ਹਨ।
ਹਾਈਡਰੌਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ – ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾਵਾਇਰਸ ਤੋਂ ਬਚਾਅ ਲਈ ਗੈਰ ਪ੍ਰਵਾਨਿਤ ਹਾਈਡਰੌਕਸੀਕਲੋਰੋਕੁਈਨ ਦਵਾਈ ਲੈਣ ਦੇ ਬਿਆਨ ਉਪਰੰਤ ਡਾਕਟਰਾਂ, ਪੱਤਰਕਾਰਾਂ ਤੇ ਰਾਜਸੀ ਆਗੂਆਂ ਨੇ ਹਾਈਡਰੌਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੈ। ਫੌਕਸ ਨਿਊਜ ਐਂਕਰ ਨੀਲ ਕੈਵੂਟੋ ਰਾਸ਼ਟਰਪਤੀ ਵੱਲੋਂ ਦਿੱਤੇ ਬਿਆਨ ਤੋਂ ਹੈਰਾਨ ਹਨ। ਉਨ੍ਹਾਂ ਨੇ ਹਾਈਡਰੌਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਦੇ ਖਾਣ ਨਾਲ ਮਾੜੇ ਸਿਹਤ ਹਾਲਾਤ ਵਿੱਚ ਰਹਿ ਰਹੇ ਲੋਕਾਂ ਦੀ ਮੌਤ ਹੋ ਸਕਦੀ ਹੈ। ਕੈਵੂਟੋ ਅਨੁਸਾਰ ਤਰਾਸਦੀ ਇਹ ਹੈ ਕਿ ਰਾਸ਼ਟਰਪਤੀ ਕਹਿੰਦੇ ਹਨ ਕਿ ਤੁਹਾਡੇ ਕੋਲ ਗਵਾਉਣ ਲਈ ਕੀ ਹੈ? ਉਨ੍ਹਾਂ ਕਿਹਾ ਕਿ ਮਾੜੇ ਹਾਲਾਤ ਵਿੱਚ ਰਹਿੰਦੀ ਅਬਾਦੀ ਕੋਲ ਇਕ ਚੀਜ਼ ਗਵਾਉਣ ਲਈ ਹੈ, ਉਹ ਹੈ ਉਨ੍ਹਾਂ ਦੀ ਜਾਨ।
Home Page ਟਰੰਪ ਪ੍ਰਸ਼ਾਸਨ ਨੇ ਸਰਹੱਦੀ ਪਾਬੰਦੀਆਂ ਅਣਮਿਥੇ ਸਮੇਂ ਲਈ ਵਧਾਈਆਂ, ਅਮਰੀਕਾ ਵਿੱਚ ਮੌਤਾਂ...