ਸੈਕਰਾਮੈਂਟੋ 12 ਸਤੰਬਰ (ਹੁਸਨ ਲੜੋਆ ਬੰਗਾ) – ਸੈਂਟਰ ਫ਼ਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ” ਵੱਲੋਂ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਦੇ ਕੀਤੇ ਇਕ ਤਾਜ਼ਾ ਅਧਿਐਨ ਵਿਚ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਟੀਕਾਕਰਣ ਨਹੀਂ ਕਰਵਾਇਆ ਹੈ , ਉਨ੍ਹਾਂ ਦੇ ਟੀਕਾਕਰਣ ਕਰਵਾ ਚੁੱਕੇ ਲੋਕਾਂ ਦੀ ਤੁਲਨਾ ਵਿਚ ਕੋਵਿਡ ਕਾਰਨ 11 ਗੁਣਾਂ ਵਧ ਮਰਨ ਦੀ ਸੰਭਾਵਨਾ ਹੈ। ਕੋਵਿਡ ਦੇ ਡੈਲਟਾ ਵਾਇਰਸ ਬਾਰੇ ਹੋਏ ਇਸ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਦੇ ਬਿਮਾਰ ਹੋਣ ਦੀ ਸਾਢੇ ਚਾਰ ਗੁਣਾਂ , ਹਸਪਤਾਲ ਵਿਚ ਦਾਖਲ ਹੋਣ ਦੀ 10 ਗੁਣਾਂ ਤੇ ਕੋਵਿਡ ਕਾਰਨ ਮਰ ਜਾਣ ਦੀ 11 ਗੁਣਾਂ ਵਧ ਸੰਭਾਵਨਾ ਹੈ। ਇਹ ਅਧਿਐਨ ਇਸ ਸਾਲ ਅਪ੍ਰੈਲ ਤੋਂ ਬਾਅਦ ਅਮਰੀਕਾ ਦੇ 13 ਰਾਜਾਂ ਵਿਚ ਕੋਵਿਡ ਕਾਰਨ ਬਿਮਾਰ ਹੋਏ 6 ਲੱਖ ਲੋਕਾਂ ਦੇ ਮਾਮਲਿਆਂ ਨੂੰ ਲੈ ਕੇ ਕੀਤਾ ਗਿਆ। ਸੀ ਡੀ ਸੀ ਦੇ ਡਾਇਰੈਕਟਰ ਰੋਚੈਲ ਵਾਲੇਨਸਕੀ ਨੇ ਕਿਹਾ ਹੈ ਕਿ ਇਸ ਸਮੇਂ ਹਸਪਤਾਲ ਵਿਚ ਦਾਖਲ ਹੋਣ ਵਾਲੇ 90% ਤੋਂ ਵਧ ਉਹ ਲੋਕ ਹਨ ਜਿਨ੍ਹਾਂ ਨੇ ਕੋਵਿਡ ਟੀਕਾਕਰਣ ਨਹੀਂ ਕਰਵਾਇਆ ਹੈ। ਦੋ ਹੋਰ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਟੀਕਾਕਰਣ ਤੋਂ ਕੁਝ ਸਮੇਂ ਬਾਅਦ ਵਿਸ਼ੇਸ਼ ਤੌਰ ‘ਤੇ ਵੱਡੀ ਉਮਰ ਦੇ ਲੋਕਾਂ ਉੱਪਰ ਵੈਕਸੀਨ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਅਧਿਐਨਾਂ ਵਿਚ ਸਿਹਤ ਮਾਹਿਰਾਂ ਦੀ ਉਸ ਸਿਫ਼ਾਰਿਸ਼ ਦਾ ਸਮਰਥਨ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਮਰੀਕੀਆਂ ਨੇ 8 ਮਹੀਨੇ ਪਹਿਲਾਂ ਟੀਕਾਕਰਣ ਕਰਵਾਇਆ ਸੀ, ਉਨ੍ਹਾਂ ਨੂੰ ਤੀਸਰਾ ਟੀਕਾ ਲਵਾ ਲੈਣ ਦੀ ਲੋੜ ਹੈ ਜੋ 20 ਸਤੰਬਰ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਵਾਲੇਨਸਕੀ ਨੇ ਕਿਹਾ ਹੈ ਕਿ ”ਸਾਡੇ ਕੋਲ ਵਿਗਿਆਨ ਦੇ ਸਾਧਨ ਹਨ ਜੋ ਇਸ ਮਹਾਂਮਾਰੀ ਨੂੰ ਖ਼ਤਮ ਕਰਨਗੇ। ਟੀਕਾਕਰਣ ਪ੍ਰਭਾਵੀ ਹੈ ਜੋ ਸਾਨੂੰ ਕੋਵਿਡ-19 ਕਾਰਨ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਏਗਾ।”
Home Page ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਨੂੰ ਮੌਤ ਦਾ 11 ਗੁਣਾਂ ਵਧ ਖ਼ਤਰਾ...