ਟੀ -20: ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦੀ ਬੜ੍ਹਤ ਹਾਸਿਲ ਕੀਤੀ

ਜੈਪੁਰ, 17 ਨਵੰਬਰ – ਇੱਥੇ ਖੇਡੇ ਗਏ ਪਹਿਲੇ ਟੀ -20 ਕੌਮਾਂਤਰੀ ਕ੍ਰਿਕਟ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਤਿੰਨ ਮੈਚਾਂ ਦੀ ਲੜੀ ‘ਚ ਭਾਰਤ ਨੇ 1-0 ਦੀ ਬੜ੍ਹਤ ਲੈ ਲਈ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 6 ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ ਸਨ ਜਿਸ ‘ਚ ਮਾਰਟਿਨ ਗੁਪਟਿਲ ਨੇ 70 ਅਤੇ ਮਾਰਕ ਚੈਪਮੈਨ ਨੇ 63 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਅਤੇ ਭੁਵਨੇਸ਼ਵਰ ਕੁਮਾਰ ਨੇ 2-2 ਵਿਕਟਾਂ ਹਾਸਲ ਕੀਤੀਆਂ।
ਨਿਊਜ਼ੀਲੈਂਡ ਵੱਲੋਂ ਮਿਲੇ 165 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਸੂਰਿਆ ਕੁਮਾਰ ਯਾਦਵ (62) ਅਤੇ ਕਪਤਾਨ ਰੋਹਿਤ ਸ਼ਰਮਾ (48) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 19.4 ਓਵਰਾਂ ‘ਚ ਪੂਰਾ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਕੀਵੀ ਟੀਮ ਤੋਂ ਟੀ -20 ਵਰਲਡ ਕੱਪ ਦੌਰਾਨ ਲੀਗ ਮੈਚ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ।