ਟੀ-20 ਵਰਲਡ ਕੱਪ: ਆਇਰਲੈਂਡ ਨੇ ਇੰਗਲੈਂਡ ਨੂੰ ਡਕਵਰਥ ਲੂਈਸ ਨਿਯਮ ਰਾਹੀਂ 5 ਦੌੜਾਂ ਨਾਲ ਹਰਾ ਕੇ ਇੱਕ ਵੱਡਾ ਉਲਟ-ਫੇਰ ਕੀਤਾ

ਮੈਲਬਰਨ, 26 ਅਕਤੂਬਰ – ਇੱਥੇ ਚੱਲ ਰਹੇ ਟੀ-20 ਕ੍ਰਿਕਟ ਵਰਲਡ ਕੱਪ ਵਿੱਚ ਆਇਰਲੈਂਡ ਨੇ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਇੱਕ ਹੋਰ ਵੱਡਾ ਉਲਟ-ਫੇਰ ਕੀਤਾ। ਮੀਂਹ ਕਰਕੇ ਮੈਚ ਪ੍ਰਭਾਵਿਤ ਹੋਣ ਕਾਰਨ ਨਤੀਜਾ ਡਕਵਰਥ ਲੂਈਸ ਨਿਯਮ ਰਾਹੀਂ ਐਲਾਨਿਆ ਗਿਆ।
ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ ਬਾਹਰ ਦਾ ਰਸਤਾ ਦਿਖਾ ਕੇ ਸੁਪਰ 12 ਵਿੱਚ ਜਗ੍ਹਾ ਬਣਾਉਣ ਵਾਲੀ ਆਇਰਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿੱਚ 157 ਦੌੜਾਂ ਬਣਾ ਕੇ ਆਊਟ ਹੋ ਗਈ।
ਇਸ ਦੇ ਜਵਾਬ ਵਿੱਚ ਇੰਗਲੈਂਡ ਜਦੋਂ 14.3 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 105 ਦੌੜਾਂ ’ਤੇ ਖੇਡ ਰਹੀ ਸੀ ਤਾਂ ਮੀਂਹ ਆ ਗਿਆ, ਜਿਸ ਕਾਰਨ ਮੈਚ ਰੋਕ ਦਿੱਤਾ ਗਿਆ। ਡਕਵਰਥ ਲੂਈਸ ਨਿਯਮ ਤਹਿਤ ਇੰਗਲੈਂਡ ਉਸ ਵੇਲੇ ਪੰਜ ਦੌੜਾਂ ਪਿੱਛੇ ਸੀ। ਆਇਰਲੈਂਡ ਵੱਲੋਂ ਕਪਤਾਨ ਐਂਡੀ ਬਲਬਰਨੀ ਨੇ 47 ਗੇਂਦਾਂ ’ਚ 62 ਦੌੜਾਂ ਦੀ ਪਾਰੀ ਖੇਡੀ। ਉਸ ਨੇ ਲੋਰਕਾਨ ਟਕਰ (34) ਨਾਲ ਦੂਜੀ ਵਿਕਟ ਲਈ 82 ਦੌੜਾਂ ਜੋੜੀਆਂ।