ਟੀ-20 ਵਰਲਡ ਕੱਪ: ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਜਿੱਤਿਆ

ਦੁਬਈ, 15 ਨਵੰਬਰ – ਇੱਥੇ ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਨੇ ਮਿਸ਼ੇਲ ਮਾਰਸ਼ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰ ਲਿਆ। ਮਿਸ਼ੇਲ ਨੇ 50 ਗੇਂਦਾਂ ਵਿੱਚ ਨਾਬਾਦ 77 ਤੇ ਗਲੈਨ ਮੈਕਸਵੈੱਲ ਨੇ ਨਾਬਾਦ 28 ਦੌੜਾਂ ਬਣਾਈਆਂ। ਦੋਵੇਂ ਟੀਮ ਕੋਲ ਪਹਿਲੀ ਵਾਰ ਵਰਲਡ ਕੱਪ ਜਿੱਤਣ ਦਾ ਮੌਕਾ ਸੀ, ਜਿਸ ਵਿੱਚ ਆਸਟਰੇਲੀਆ ਦੀ ਟੀਮ ਬਾਜ਼ੀ ਮਾਰ ਗਈ।
ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ 173 ਦੌੜਾਂ ਦਾ ਟੀਚਾ ਦਿੱਤਾ ਸੀ, ਜੋ ਆਸਟਰੇਲੀਆ ਨੇ 18.5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਆਸਟਰੇਲੀਆ ਵੱਲੋਂ ਡੇਵਿਡ ਵਾਰਨਰ ਨੇ 53 (38 ਗੇਂਦਾ) ਦੌੜਾਂ ਦੀ ਮਹੱਤਵਪੂਰਣ ਪਾਰੀ ਖੇਡੀ ਤੇ ਆਰੋਨ ਫਿੰਚ ਨੇ ਮਹਿਜ਼ 5 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਨੇ 2 ਵਿਕਟਾਂ ਲਈਆਂ, ਬਾਕੀ ਕੋਈ ਕੀਵੀ ਗੇਂਦਬਾਜ਼ ਕ੍ਰਿਸ਼ਮਾ ਨਹੀਂ ਕਰ ਸਕਿਆ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੀਵੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਜਿਸ ਵਿੱਚ ਕਪਤਾਨ ਵਿਲੀਅਮਸਨ ਨੇ 85 (48 ਗੇਂਦਾਂ) ਦੌੜਾਂ ਬਣਾਈਆਂ, ਉਨ੍ਹਾਂ ਤੋਂ ਇਲਾਵਾ ਮਾਰਟੀਨ ਗੁਪਟਿਲ ਨੇ 28, ਗਲੈਨ ਫਿਲਿਪਸ ਨੇ 18 ਅਤੇ ਜਿੰਮੀ ਨਿਸ਼ਮ ਨੇ 13 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਗੇਂਦਬਾਜ਼ ਜ਼ੋਸ਼ ਹੈਜਲਵੁੱਡ ਨੇ 3 ਵਿਕਟ ਲਏ ਤੇ ਐਡਮ ਜੰਪਾ ਨੇ 1 ਵਿਕਟ ਲਿਆ।