ਬ੍ਰਿਸਬਨ, 1 ਨਵੰਬਰ – ਇੱਥੇ ਟੀ-20 ਕ੍ਰਿਕਟ ਵਰਲਡ ਕੱਪ ਦੇ ਸੁਪਰ 12 ਦੇ ਗਰੁੱਪ ‘ਏ’ ਮੁਕਾਬਲੇ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਇੰਗਲੈਂਡ ਦੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 6 ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਬੱਲੇਬਾਜ਼ ਗਲੇਨ ਫਿਲਿਪਸ ਨੇ 62 ਅਤੇ ਕਪਤਾਨ ਕੇਨ ਵਿਲੀਅਮਸਨ ਨੇ 40 ਦੌੜਾਂ ਬਣਾਈਆਂ। ਸੈਮ ਕੁਰੇਨ ਅਤੇ ਕ੍ਰਿਸ ਵੋਕਸ ਨੇ ਇੰਗਲੈਂਡ ਲਈ 2-2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਕਪਤਾਨ ਜੋਸ ਬਟਲਰ (47 ਗੇਂਦਾਂ ’ਤੇ 73 ਦੌੜਾਂ) ਅਤੇ ਅਲੈਕਸ ਹੇਲਜ਼ (40 ਗੇਂਦਾਂ ’ਤੇ 52 ਦੌੜਾਂ) ਦੀ ਮਦਦ ਨਾਲ 6 ਵਿਕਟਾਂ ’ਤੇ 179 ਦੌੜਾਂ ਬਣਾਈਆਂ।
ਇਸ ਜਿੱਤ ਨਾਲ ਗਰੁੱਪ ‘ਏ’ ਵਿੱਚ ਇੰਗਲੈਂਡ ਸਮੇਤ ਤਿੰਨ ਟੀਮਾਂ ਦੇ ਚਾਰ ਮੈਚਾਂ ਵਿੱਚ 5 ਅੰਕ ਹੋ ਗਏ ਹਨ। ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵੀ ਬਰਾਬਰ ਅੰਕ ਹਨ। ਬਿਹਤਰ ਨੈੱਟ ਰਨ ਰੇਟ ਕਾਰਨ ਨਿਊਜ਼ੀਲੈਂਡ ਸਿਖਰ ‘ਤੇ ਹੈ ਅਤੇ ਇੰਗਲੈਂਡ ਦੂਜੇ ਸਥਾਨ ‘ਤੇ ਹੈ।
Cricket ਟੀ-20 ਵਰਲਡ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾਇਆ