ਸਿਡਨੀ, 5 ਨਵੰਬਰ – ਨਿਊਜ਼ੀਲੈਂਡ ਤੋਂ ਬਾਅਦ ਅੱਜ ਟੀ-20 ਵਰਲਡ ਕੱਪ 2022 ਵਿੱਚ ਇੰਗਲੈਂਡ ਨੇ ਸੈਮੀਫਾਈਨਲ ‘ਚ ਥਾਂ ਪੱਕੀ ਕਰ ਲਈ ਹੈ। ਟੂਰਨਾਮੈਂਟ ਦੇ 39ਵੇਂ ਮੈਚ ‘ਚ ਇੰਗਲਿਸ਼ ਟੀਮ ਨੇ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ। ਇੰਗਲੈਂਡ ਦੀ ਇਸ ਜਿੱਤ ਦੇ ਨਾਲ ਹੀ ਟੂਰਨਾਮੈਂਟ ‘ਚ ਮੇਜ਼ਬਾਨ ਆਸਟਰੇਲੀਆ ਦਾ ਵਰਲਡ ਕੱਪ ਦਾ ਸਫ਼ਰ ਸਮਾਪਤ ਹੋ ਗਿਆ। ਇਸ ਦੇ ਨਾਲ ਹੀ ਮੇਜ਼ਬਾਨ ਆਸਟਰੇਲੀਆ ਆਪਣੇ ਘਰ ‘ਚ ਖਿਤਾਬੀ ਦੌੜ ਤੋਂ ਬਾਹਰ ਹੋ ਗਿਆ ਹੈ। ਸੈਮੀਫਾਈਨਲ ‘ਚ ਪਹੁੰਚੀ ਇੰਗਲੈਂਡ ਤੋਂ ਇਲਾਵਾ ਆਸਟਰੇਲੀਆ ਦੇ ਵੀ 7 ਅੰਕ ਸਨ ਪਰ ਰਨ ਰੇਟ ਦੇ ਮਾਮਲੇ ‘ਚ ਉਹ ਪਿੱਛੇ ਰਹਿ ਗਿਆ। ਇਸ ਨਾਲ ਆਸਟਰੇਲੀਆ ਟੀਮ ਟੀ-20 ਵਰਲਡ ਕੱਪ ‘ਚ ਇਤਿਹਾਸ ਰਚਣ ਤੋਂ ਵੀ ਖੁੰਝ ਗਈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 141 ਦੌੜਾਂ ਬਣਾਈਆਂ। ਇੰਗਲੈਂਡ ਨੇ ਆਖ਼ਰੀ ਓਵਰ ‘ਚ ਮੈਚ ਜਿੱਤ ਲਿਆ। ਨਿਊਜ਼ੀਲੈਂਡ ਨੇ ਸੁਪਰ-12 ਦੇ ਗਰੁੱਪ-1 ਤੋਂ ਪਹਿਲਾਂ ਹੀ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ।
ਸ੍ਰੀਲੰਕਾ ਦੀ ਟੀਮ ਨੇ 8 ਓਵਰਾਂ ਵਿੱਚ ਹੀ 70 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ ਪਰ ਬਾਅਦ ਵਿੱਚ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਉਸ ਦੇ ਗੇਂਦਬਾਜ਼ਾਂ ਨੇ ਦੌੜਾਂ ਦੇ ਪ੍ਰਵਾਹ ਨੂੰ ਕਾਬੂ ਕੀਤਾ। ਕੁਸ਼ਲ ਮੈਂਡਿਸ ਨੇ 14 ਗੇਂਦਾਂ ‘ਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਨੇ ਸ੍ਰੀਲੰਕਾ ਨੂੰ 20 ਓਵਰਾਂ ‘ਚ 8 ਵਿਕਟਾਂ ‘ਤੇ 141 ਦੌੜਾਂ ‘ਤੇ ਰੋਕ ਦਿੱਤਾ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਆਖ਼ਰੀ ਓਵਰਾਂ ‘ਚ 3 ਵਿਕਟਾਂ ਲੈ ਕੇ ਸ੍ਰੀਲੰਕਾ ਨੂੰ 150 ਤੱਕ ਨਹੀਂ ਪਹੁੰਚਣ ਦਿੱਤਾ। ਵੁੱਡ ਨੇ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਟਾਸ ਜਿੱਤਣ ਤੋਂ ਬਾਅਦ ਪਥੁਮ ਨਿਸਾਂਕਾ ਨੇ 45 ਗੇਂਦਾਂ ‘ਤੇ 67 ਦੌੜਾਂ ਦੀ ਤੂਫ਼ਾਨੀ ਪਾਰੀ ‘ਚ 2 ਚੌਕੇ ਅਤੇ 5 ਛੱਕੇ ਲਗਾਏ। ਸ੍ਰੀਲੰਕਾ ਵੱਲੋਂ ਇੱਕ ਹੋਰ ਵੱਡਾ ਯੋਗਦਾਨ ਭਾਨੁਕਾ ਰਾਜਪਕਸ਼ੇ ਦਾ ਰਿਹਾ, ਜਿਸ ਨੇ 22 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ੍ਰੀਲੰਕਾ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਣ ਤੋਂ ਰੋਕਣ ਲਈ ਔਸਤ ਸ਼ੁਰੂਆਤ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ।
ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਜੋਸ ਬਟਲਰ ਅਤੇ ਐਲੇਕਸ ਹੇਲਸ ਨੇ ਪਹਿਲੀ ਵਿਕਟ ਲਈ 44 ਗੇਂਦਾਂ ‘ਚ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਟੀਮ ਦੀ ਜਿੱਤ ਯਕੀਨੀ ਜਾਪਦੀ ਸੀ। ਪਰ ਫਿਰ ਸ੍ਰੀਲੰਕਾ ਨੇ ਵਾਪਸੀ ਕੀਤੀ। ਇੰਗਲੈਂਡ ਨੇ ਇਕ ਤੋਂ ਬਾਅਦ ਇਕ ਵਿਕਟ ਗੁਆਏ ਪਰ ਬੇਨ ਸਟੋਕਸ ਇਕ ਸਿਰੇ ‘ਤੇ ਡਟੇ ਰਹੇ। 2 ਗੇਂਦਾਂ ਬਾਕੀ ਰਹਿੰਦਿਆਂ ਇੰਗਲੈਂਡ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਬੇਨ ਸਟੋਕਸ 36 ਗੇਂਦਾਂ ‘ਤੇ 42 ਦੌੜਾਂ ਬਣਾ ਕੇ ਨਾਬਾਦ ਰਹੇ।
ਇਸ ਸਾਲ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸਟੋਕਸ ਦੀ ਇਹ ਸਭ ਤੋਂ ਵੱਡੀ ਪਾਰੀ ਹੈ। ਉਹ ਇੱਕ ਵਾਰ ਵੀ 20 ਦਾ ਸਕੋਰ ਪਾਰ ਨਹੀਂ ਕਰ ਸਕਿਆ ਸੀ। ਸੈਮੀਫਾਈਨਲ ਤੋਂ ਪਹਿਲਾਂ ਉਸ ਦੀ ਫਾਰਮ ਵਿਚ ਵਾਪਸੀ ਦੂਜੀਆਂ ਟੀਮਾਂ ਲਈ ਖ਼ਤਰੇ ਦੀ ਘੰਟੀ ਹੈ। ਸ਼੍ਰੀਲੰਕਾ ਲਈ ਲਾਹਿਰੂ ਕੁਮਾਰਾ, ਹਸਾਰੰਗਾ ਅਤੇ ਧਨੰਜਯਾ ਡੀ ਸਿਲਵਾ ਨੇ 2-2 ਵਿਕਟਾਂ ਲਈਆਂ।
Cricket ਟੀ-20 ਵਰਲਡ ਕੱਪ: ਇੰਗਲੈਂਡ ਨੇ ਸ੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ‘ਚ ਥਾਂ...