ਦੁਬਈ, 7 ਨਵੰਬਰ – ਟ੍ਰੇਂਟ ਬੋਲਟ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੀ ਦਮਦਾਰ ਨੁਮਾਇਸ਼ ਅਤੇ ਕਪਤਾਨ ਕੇਨ ਵਿਲੀਅਮਸਨ ਦੀ ਬੱਲੇਬਾਜ਼ੀ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਅਫ਼ਗ਼ਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨ ਨਾਲ ਟੀ-20 ਵਰਲਡ ਕੱਪ ਦੇ ਸੈਮੀ-ਫਾਈਨਲ ਵਿੱਚ ਜਗ੍ਹਾ ਬਣਾਈ, ਇਸ ਨਾਲ ਭਾਰਤ ਦੀਆਂ ਆਸਾਂ ਨੂੰ ਬੂਰ ਨਾ ਪਿਆ ਤੇ ਉਸ ਦੀ ਉਮੀਦ ਨੂੰ ਖ਼ਤਮ ਕਰ ਦਿੱਤਾ। ਭਾਰਤੀ ਟੀਮ ਆਸ ਲਾਈ ਬੈਠੀ ਸੀ ਸ਼ਾਇਦ ਅਫ਼ਗ਼ਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦੇਵੇ ਪਰ ਅਜਿਹਾ ਨਾ ਹੋਇਆ। ਕੀਵੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ।
ਅਫ਼ਗ਼ਾਨਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਉੱਤੇ 124 ਦੌੜਾਂ ਹੀ ਬਣਾ ਸਕੀ। ਅਫ਼ਗ਼ਾਨਿਸਤਾਨ ਵੱਲੋਂ ਨਜੀਬੁੱਲਾ ਜ਼ਰਦਾਰ ਨੇ 48 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ, ਉਸ ਨੇ ਟੀਮ ਸਭ ਤੋਂ ਵੱਧ ਦੌੜਾਂ ਬਣਾਈਆਂ ਤੇ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਉਸ ਤੋਂ ਬਾਅਦ ਟੀਮ ਲਈ ਗੁਲਾਬਦੀਨ ਨਾਇਬ ਨੇ 15 ਤੇ ਮੁਹੰਮਦ ਨਬੀ ਨੇ 14 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਅਫ਼ਗ਼ਾਨਿਸਤਾਨ ਦੇ ਬੱਲੇਬਾਜ਼ ਟਿੱਕ ਨਾ ਸੱਕੇ। ਇੱਕ ਸਮਾਂ ਸੀ ਜਦੋਂ ਅਫ਼ਗ਼ਾਨਿਸਤਾਨ 16 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 82 ਦੌੜਾਂ ਹੀ ਬਣਾ ਸਕਿਆ ਸੀ। ਕੀਵੀ ਟੀਮ ਵੱਲੋਂ ਗੇਂਦਬਾਜ਼ ਟਿਮ ਸਾਊਥੀ (2-24) ਅਤੇ ਟ੍ਰੇਂਟ ਬੋਲਟ (3-17) ਨੇ ਮਹੱਤਵਪੂਰਨ ਵਿਕਟਾਂ ਲਈਆਂ, ਐਡਮ ਮਿਲਨੇ (1-17) ਨੇ ਸ਼ੁਰੂਆਤੀ ਬ੍ਰੇਕ ਲਗਾ ਦਿੱਤੀ ਅਤੇ ਜਿੰਮੀ ਨੀਸ਼ਮ (1-24) ਨੇ ਫਾਈਨਲ ਓਵਰ ਵਿੱਚ ਸਿਰਫ਼ ਦੋ ਦੌੜਾਂ ਹੀ ਦਿੱਤੀਆਂ। ਇਸ ਦੇ ਉਲਟ ਟੂਰਨਾਮੈਂਟ ਵਿੱਚ ਪਹਿਲਾਂ ਚਮਕਣ ਤੋਂ ਬਾਅਦ, ਸਪਿੰਨਰ ਮਿਸ਼ੇਲ ਸੈਂਟਨਰ ਅਤੇ ਈਸ਼ ਸੋਢੀ ਨੂੰ ਸੰਘਰਸ਼ ਕਰਨਾ ਪਿਆ। ਸੈਂਟਨਰ ਨੇ ਆਪਣੇ 2 ਓਵਰਾਂ ਵਿੱਚ 27 ਦੌੜਾਂ ਦਿੱਤੀ, ਜਦੋਂ ਕਿ ਈਸ਼ ਸੋਢੀ ਨੇ 2 ਓਵਰਾਂ ਵਿੱਚ 1-13 ਦਿੱਤੀਆਂ। ਈਸ਼ ਸੋਢੀ ਨੂੰ ਜਿਸ ਇੱਕ ਗੇਂਦ ‘ਤੇ ਆਪਣੀ ਵਿਕਟ ਮਿਲੀ ਉਹ ਵਾਈਡ ਜਾ ਰਹੀ ਸੀ ਪਰ ਅਫ਼ਗ਼ਾਨੀ ਬੱਲੇਬਾਜ਼ ਗੁਲਾਬਦੀਨ ਨਾਇਬ ਨੇ ਉਸ ਗੇਂਦ ਨੂੰ ਆਪਣੀ ਸਟੰਪਾਂ ‘ਤੇ ਖਿੱਚਿਆ।
ਅਫ਼ਗ਼ਾਨਿਸਤਾਨ ਵੱਲੋਂ ਮਿਲੇ 125 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ 18.1 ਓਵਰ ਵਿੱਚ 2 ਵਿਕਟਾਂ ਉੱਤੇ 125 ਦੌੜਾਂ ਬਣਾ ਕੇ ਸੁਪਰ -12 ਦੇ ਗਰੁੱਪ 2 ਵੱਲੋਂ ਸੈਮੀ-ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣੀ ਗਈ। ਕੀਵੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ 42 ਅਤੇ ਡੇਵਾਨ ਕੋਨਵੇਅ ਨੇ ਨਾਬਾਦ 32 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦਵਾਈ। ਇਨ੍ਹਾਂ ਤੋਂ ਇਲਾਵਾ ਮਾਰਟੀਨ ਗੁਟਿਲ (23) ਤੇ ਡੇਰਿਲ ਮਿਸ਼ੇਲ (12) ਦੌੜਾਂ ਬਣਾਈਆਂ। ਅਫ਼ਗ਼ਾਨਿਸਤਾਨ ਵੱਲੋਂ ਸਪਿਨਰ ਰਾਸ਼ਿਦ ਖਾਨ ਅਤੇ ਮੁਜੀਬ ਉਲ ਰਹਿਮਾਨ ਨੇ 1-1 ਵਿਕਟ ਲਿਆ।
ਹੁਣ ਟੀ-20 ਵਰਲਡ ਕੱਪ ਵਿੱਚ 10 ਨਵੰਬਰ ਦਿਨ ਵੀਰਵਾਰ ਨੂੰ ਨਿਊਜ਼ੀਲੈਂਡ ਦਾ ਮੁਕਾਬਲਾ ਸੈਮੀ-ਫਾਈਨਲ ਵਿੱਚ ਇੰਗਲੈਂਡ ਨਾਲ ਹੋਵੇਗਾ, ਜੋ ਆਪਣੇ ਗਰੁੱਪ ਵਿੱਚ ਪਹਿਲੇ ਸਥਾਨ ਉੱਤੇ ਰਹੀ ਹੈ।
Cricket ਟੀ-20 ਵਰਲਡ ਕੱਪ: ਨਿਊਜ਼ੀਲੈਂਡ ਨੇ ਅਫ਼ਗ਼ਾਨਿਸਤਾਨ ਨੂੰ ਹਰਾ ਕੇ ਸੈਮੀ-ਫਾਈਨਲ ‘ਚ ਥਾਂ...