ਨਿਊਯਾਰਕ, 3 ਸਤੰਬਰ – ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ’ਤੇ ਕਈ ਰਿਕਾਰਡ ਬਣਾਉਣ ਵਾਲੀ 41 ਸਾਲਾ ਸੇਰੇਨਾ ਵਿਲੀਅਮਜ਼ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਤੀਜੇ ਗੇੜ ਵਿੱਚ ਹਾਰ ਗਈ। ਉਸ ਨੇ ਟੂਰਨਾਮੈਂਟ ਤੋਂ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਯੂਐੱਸ ਓਪਨ ਉਸ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ। ਇਸ ਤਰ੍ਹਾਂ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਨੇ ਟੈਨਿਸ ਨੂੰ ਅਲਵਿਦਾ ਆਖ ਦਿੱਤੀ। ਸ਼ੁੱਕਰਵਾਰ ਰਾਤ ਨੂੰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਉਹ ਅਜਲਾ ਟੌਮਲਾਜਾਨੋਵਿਚ ਤੋਂ 7-5, 6-7 (4), 6-1 ਨਾਲ ਹਾਰ ਗਈ। ਜਦੋਂ ਸੈਰੇਨਾ ਦਾ ਸ਼ਾਟ ਨੈੱਟ ’ਤੇ ਲੱਗਿਆ ਤਾਂ ਉਸ ਦੀਆਂ ਅੱਖਾਂ ਛਲਕ ਗਈਆਂ। ਉਸ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਸਫ਼ਰ ਰਿਹਾ।’’ ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।’’ ਸੇਰੇਨਾ ਵਿਲੀਅਮ ਵੱਲੋਂ ਟੈਨਿਸ ਨੂੰ ਅਲਵਿਦਾ ਆਖੇ ਜਾਣ ’ਤੇ ਤੈਰਾਕ ਮਾਈਕਲ ਫੈਲਪਸ ਤੋਂ ਲੈ ਕੇ ਗੌਲਫ ਖਿਡਾਰੀ ਟਾਈਗਰ ਵੁੱਡਜ਼ ਤੱਕ ਦੁਨੀਆਂ ਭਰ ਦੇ ਮਹਾਨ ਖਿਡਾਰੀਆਂ ਨੇ ਉਨ੍ਹਾਂ ਦੇ ਸ਼ਾਨਦਾਰ ਕਰੀਅਰ ’ਤੇ ਵਧਾਈ ਦਿੱਤੀ। ਟਾਈਗਰ ਵੁੱਡਜ਼ ਨੇ ਟਵੀਟ ਕੀਤਾ, ‘‘ਕੋਰਟ ਦੇ ਅੰਦਰ ਅਤੇ ਬਾਹਰ ਤੁਸੀਂ ਮਹਾਨ ਹੋ। ਆਪਣੇ ਸੁਪਨੇ ਪੂਰੇ ਕਰਨ ਦੀ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦੇਣ ਲਈ ਧੰਨਵਾਦ ਛੋਟੀ ਭੈਣ।’’ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਨੇ ਲਿਖਿਆ, ‘‘ਸ਼ਾਨਦਾਰ ਕਰੀਅਰ ਲਈ ਵਧਾਈ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਕੌਂਪਟਨ ਦੀ ਇਕ ਛੋਟੀ ਜਿਹੀ ਲੜਕੀ ਨੂੰ ਮਹਾਨਤ ਖਿਡਾਰੀ ਬਣਦੇ ਦੇਖਿਆ। ਤੁਹਾਡੇ ’ਤੇ ਮਾਣ ਹੈ।’’ ਬਾਸਕਟਬਾਲ ਦੇ ਹਾਲ ਆਫ਼ ਫੇਮ ਮੈਜਿਕ ਜੌਹਨਸਨ ਨੇ ਟਵੀਟ ਕੀਤਾ, ‘‘ਅਸੀਂ ਮਹਾਨ ਖਿਡਾਰੀ ਸੇਰੇਨਾ ਵਿਲੀਅਮ ਨੂੰ ਅਮਰੀਕੀ ਓਪਨ ’ਚ ਆਖਰੀ ਵਾਰ ਖੇਡਦਿਆਂ ਦੇਖਿਆ। ਟੈਨਿਸ ਲਈ, ਹਰ ਲੜਕੀ ਲਈ ਅਤੇ ਖਾਸ ਤੌਰ ’ਤੇ ਸਿਆਹਫਾਮ ਲੜਕੀਆਂ ਲਈ ਸੇਰੇਨਾ ਬਹੁਤ ਵੱਡੀ ਪ੍ਰੇਰਨਾ ਹੈ।’’ ਸੇਰੇਨਾ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ,‘‘ਮੈਨੂੰ ਜਾਪਦਾ ਹੈ ਕਿ ਮੈਂ ਟੈਨਿਸ ਨੂੰ ਕੁਝ ਦਿੱਤਾ ਹੈ। ਸ਼ਾਇਦ ਉਹ ਜਨੂੰਨ। ਕਈ ਉਤਰਾਅ-ਚੜ੍ਹਾਅ ਦੇਖੇ ਪਰ ਹਾਰ ਨਹੀਂ ਮੰਨੀ। ਮੈਂ ਅੱਗੇ ਵੀ ਖੇਡ ਸਕਦੀ ਸੀ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਪਲ ਨੂੰ ਮਾਣਿਆ ਅਤੇ ਇਸ ਗੱਲ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਸੇਰੇਨਾ ਹਾਂ।’’
ਸੇਰੇਨਾ ਨੇ ਆਪਣੇ ਕਰੀਅਰ ਦੌਰਾਨ 23 ਗਰੈਂਡ ਸਲੈਮ ਜਿੱਤੇ ਅਤੇ ਆਪਣੀ ਵੱਡੀ ਭੈਣ ਵੀਨਸ ਵਿਲੀਅਮਜ਼ ਨਾਲ ਜੋੜੀ ਬਣਾ ਕੇ 14 ਡਬਲਜ਼ ਖ਼ਿਤਾਬ ਵੀ ਜਿੱਤੇ ਹਨ। ਉਹ ਡਬਲਿਊਟੀਏ ਦੀ ਦਰਜਾਬੰਦੀ ’ਚ ਸੈਂਕੜੇ ਹਫ਼ਤਿਆਂ ਤੱਕ ਸਿਖਰ ’ਤੇ ਰਹੀ। ਉਸ ਨੇ ਓਲੰਪਿਕ ’ਚ ਵੀ ਚਾਰ ਸੋਨ ਤਗਮੇ ਜਿੱਤੇ ਹਨ। ਸੇਰੇਨਾ ਨੇ ਪਹਿਲਾ ਮੈਚ ਆਪਣਾ 14ਵਾਂ ਜਨਮਦਿਨ ਮਨਾਉਣ ਦੇ ਇਕ ਮਹੀਨੇ ਬਾਅਦ 28 ਅਕਤੂਬਰ, 1995 ਨੂੰ ਖੇਡਿਆ ਸੀ। ਉਸ ਨੇ 17 ਸਾਲ ਦੀ ਉਮਰ ’ਚ ਮਾਰਟੀਨਾ ਹਿੰਗਿਜ਼ ਨੂੰ 11 ਸਤੰਬਰ, 1999 ਨੂੰ ਯੂਐੱਸ ਓਪਨ ਦੇ ਫਾਈਨਲ ’ਚ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਦੇ ਨਾਮ ’ਤੇ 1 ਸਾਲ ’ਚ ਚਾਰੋਂ ਗਰੈਂਡ ਸਲੈਮ ਜਿੱਤਣ ਦਾ ਵੀ ਰਿਕਾਰਡ ਹੈ।
Home Page ਟੈਨਿਸ: ਸੇਰੇਨਾ ਵਿਲੀਅਮਜ਼ ਨੇ ਟੈਨਿਸ ਨੂੰ ਅਲਵਿਦਾ ਆਖਿਆ, ਯੂਐੱਸ ਓਪਨ ਦੇ ਤੀਜੇ...