ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀ-ਫਾਈਨਲ: ਅਰਜਨਟੀਨਾ ਨੇ ਭਾਰਤ ਨੂੰ 2-1 ਨਾਲ ਹਰਾਇਆ

ਕਾਂਸੀ ਦੇ ਤਗਮੇ ਲਈ ਭਾਰਤੀ ਤੇ ਬ੍ਰਿਟੇਨ ਵਿਚਾਲੇ ਮੁਕਾਬਲਾ ਹੋਵੇਗਾ
ਟੋਕੀਓ, 4 ਅਗਸਤ –
ਉਲੰਪਿਕ ਖੇਡਾਂ ਦੇ ਮਹਿਲਾ ਹਾਕੀ ਸੈਮੀ-ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਦੀ ਟੀਮ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਅਤੇ ਭਾਰਤੀ ਮਹਿਲਾ ਟੀਮ ਦਾ ਪਹਿਲੀ ਵਾਰ ਫਾਈਨਲ ਖੇਡਣ ਦਾ ਸੁਪਨਾ ਤੋੜ ਦਿੱਤਾ।
ਉਲੰਪਿਕ ‘ਚ ਪਹਿਲੀ ਵਾਰ ਸੈਮੀ-ਫਾਈਨਲ ਖੇਡਣ ਲਈ ਉੱਤਰੀ ਭਾਰਤੀ ਮਹਿਲਾ ਹਾਕੀ ਟੀਮ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਟਰ ਦੇ ਵਿੱਚ ਖੇਡ ਸ਼ੁਰੂ ਹੋਣ ਦੇ ਦੋ ਮਿੰਟਾਂ ਵਿੱਚ ਹੀ ਭਾਰਤੀ ਖਿਡਾਰਨ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ਉੱਤੇ ਗੋਲ ਕਰਕੇ ਅਰਜਨਟੀਨਾ ਖ਼ਿਲਾਫ਼ ਬੜ੍ਹਤ ਬਣਾ ਲਈ ਸੀ। ਇਹ ਚੜ੍ਹਤ ਬਹੁਤੀ ਦੇਰ ਤੱਕ ਬਰਕਰਾਰ ਨਾ ਰਹਿ ਸਕੀ। ਅਰਜਨਟੀਨਾ ਦੀ ਟੀਮ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਦੂਜੇ ਕੁਆਟਰ ‘ਚ ਅਰਜਨਟੀਨਾ ਲਈ ਜਲਦੀ ਹੀ ਟੀਮ ਦੀ ਕਪਤਾਨ ਮਾਰੀਆ ਬਾਰਿਓਨਿਓਵੋ ਨੇ ਤੀਜੇ ਮਿੰਟ ਉੱਤੇ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕਰ ਦਿੱਤਾ। ਹਾਫ਼ ਟਾਈਮ ਤੱਕ ਮੁਕਾਬਲਾ ਬਰਾਬਰ ਰਿਹਾ। ਪਰ ਤੀਜੇ ਕੁਆਟਰ ‘ਚ ਅਰਜਨਟੀਨਾ ਨੂੰ ਮਿਲੇ ਪੈਨਲਟੀ ਕਾਰਨਰ ਉੱਤੇ ਕਪਤਾਨ ਮਾਰੀਆ ਬਾਰਿਓਨਿਓਵੋ ਨੇ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦੁਆ ਦਿੱਤੀ, ਜੋ ਅਰਜਨਟੀਨਾ ਲਈ ਜੇਤੂ ਸਾਬਤ ਹੋਈ। ਭਾਰਤੀ ਟੀਮ ਹੁਣ ਕਾਂਸੀ ਦੇ ਤਗਮੇ ਲਈ ਬ੍ਰਿਟੇਨ ਨਾਲ ਭਿੜੇਗੀ।