ਟੋਕੀਓ ਉਲੰਪਿਕ 2020: ‘ਅਲਵਿਦਾ ਟੋਕੀਓ ਤੇ ਹੁਣ ਪੈਰਿਸ ‘ਚ ਮਿਲਾਂਗੇ’ ਦੇ ਸੁਨੇਹੇ ਨਾਲ ਖੇਡਾਂ ਦਾ ਸਮਾਪਨ

ਥੌਮਸ ਬਾਕ ਵੱਲੋਂ ਖਿਡਾਰੀਆਂ ਅਤੇ ਜਾਪਾਨ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ
ਟੋਕੀਓ, 8 ਅਗਸਤ –
ਕੋਵਿਡ-19 ਮਹਾਂਮਾਰੀ ਯਾਨੀ ਕੋਰੋਨਾ ਕਾਲ ਦੀਆਂ ਚੁਣੌਤੀਆਂ ਦਰਮਿਆਨ ਹੋਈਆਂ ਟੋਕੀਓ ਉਲੰਪਿਕ ਖੇਡਾਂ ਹੁਣ ਤਿੰਨ ਸਾਲ ਮਗਰੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੁੜ ਮਿਲਣ ਦੇ ਐਲਾਨ ਨਾਲ ਸਮਾਪਤ ਹੋ ਗਈਆਂ। ਕੌਮਾਂਤਰੀ ਉਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ 32ਵੀਆਂ ਉਲੰਪਿਕ ਖੇਡਾਂ ਨੂੰ ਅਧਿਕਾਰਤ ਤੌਰ ‘ਤੇ ਸਮਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਖੇਡ ਮਹਾਕੁੰਭ ਵਿੱਚ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਤੇ ਜਾਪਾਨ ਦੇ ਲੋਕਾਂ ਵੱਲੋਂ ਵਿਖਾਏ ਜਜ਼ਬੇ ਨੂੰ ਸਲਾਮ ਕੀਤਾ। ਸਮਾਪਤੀ ਸਮਾਗਮ ਦੌਰਾਨ ਜਿੱਥੇ ਉਲੰਪਿਕ ਸਟੇਡੀਅਮ ਵਿੱਚ ਆਤਿਸ਼ਬਾਜ਼ੀ ਕੀਤੀ ਗਈ, ਉੱਥੇ ਕਲਾਕਾਰਾਂ ਨੇ ਨ੍ਰਿਤ ਤੇ ਗੀਤਾਂ ‘ਤੇ ਅਧਾਰਿਤ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਪਤੀ ਸਮਾਗਮ ਦੇ ਨਾਲ ਹੀ ਜਾਪਾਨ ਦੀ ਰਾਜਧਾਨੀ ਵਿੱਚ ਹੋਈਆਂ ਇਤਿਹਾਸ ਦੀਆਂ ਸਭ ਤੋਂ ਨਿਵੇਕਲੀਆਂ ਖੇਡਾਂ ਸਮਾਪਤ ਹੋ ਗਈਆਂ ਹਨ।
ਆਈਓਸੀ ਮੁਖੀ ਨੇ ਪੈਰਿਸ ਦੀ ਮੇਅਰ ਐਨੀ ਹਿਦਾਲਗੋ ਨੂੰ ਉਲੰਪਿਕ ਝੰਡਾ ਸੌਂਪਦਿਆਂ ਜਿੱਥੇ ਅੱਗੇ ਵਧਣ ਦਾ ਸੁਨੇਹਾ ਦਿੱਤਾ, ਉੱਥੇ ਕੋਵਿਡ-19 ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਵੀ ਯਾਦ ਕੀਤਾ। ਕੋਰੋਨਾ ਕਰਕੇ ਕੁੱਲ ਆਲਮ ਨੂੰ ਦਰਪੇਸ਼ ਸਿਹਤ ਚੁਣੌਤੀ ਕਰ ਕੇ ਟੋਕੀਓ ਖੇਡਾਂ ਭਾਵੇਂ ਇਕ ਸਾਲ ਲਈ ਅੱਗੇ ਪੈ ਗਈਆਂ ਤੇ ਸਥਾਨਕ ਲੋਕ ਖੇਡਾਂ ਕਰਵਾਉਣ ਦੇ ਵਿਚਾਰ ਨੂੰ ਲੈ ਕੇ ਵੰਡੇ ਨਜ਼ਰ ਆਏ, ਪਰ ਆਖ਼ਿਰ ਨੂੰ ਖੇਡ ਮਹਾਂਕੁੰਭ ਸਾਰੀਆਂ ਚੁਣੌਤੀਆਂ ਨੂੰ ਪਾਰ ਪਾਉਂਦਿਆਂ ਦਿਨ ਦੀ ਰੌਸ਼ਨੀ ਵੇਖਣ ਵਿੱਚ ਸਫਲ ਰਿਹਾ। ਕੌਮਾਂਤਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬਾਕ ਨੇ ਟੋਕੀਓ ਉਲੰਪਿਕ ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਕਿਹਾ, ”ਅਥਲੀਟਾਂ ਨੇ ਨਾ ਸਿਰਫ਼ ਤੇਜ਼ੀ ਵਿਖਾਈ ਬਲਕਿ ਉਨ੍ਹਾਂ ਹੋਰ ਉਚਾਈਆਂ ਛੋਹੀਆਂ ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਕਿਉਂਕਿ ਉਹ ਸਾਰੇ ਇੱਕਜੁੱਟ ਹੋ ਕੇ ਖੜ੍ਹੇ ਰਹੇ।’ ਬਾਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ”ਖੇਡਾਂ ਸਾਂਝੀਵਾਲਤਾ ਦਾ ਪ੍ਰਗਟਾਵਾ ਹਨ ਤੇ ਤੁਸੀਂ ਸਾਰੇ ਸਾਡੇ ਲਈ ਪ੍ਰੇਰਨਾ ਸਰੋਤ ਹੋ। ਮਹਾਂਮਾਰੀ ਦੌਰਾਨ ਤੁਸੀਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਜਿਸ ਕਰਕੇ ਇਹ ਖੇਡਾਂ ਹੋਰ ਵੀ ਅਲੌਕਿਕ ਹਨ। ਬਿਨਾਂ ਇੱਕਜੁੱਟਤਾ ਤੇ ਸਾਂਝੀਵਾਲਤਾ ਦੇ ਇਹ ਖੇਡਾਂ ਸੰਭਵ ਨਹੀਂ ਸਨ।” ਆਈਓਸੀ ਮੁਖੀ ਨੇ ਕਿਹਾ, ”ਮਹਾਂਮਾਰੀ ਮਗਰੋਂ ਪਹਿਲਾ ਮੌਕਾ ਹੈ ਜਦੋਂ ਕੁੱਲ ਆਲਮ ਇਕ ਮੰਚ ‘ਤੇ ਇਕੱਠਾ ਹੋਇਆ ਹੈ। ਲੋਕ ਜੋਸ਼, ਖ਼ੁਸ਼ੀ ਤੇ ਉਤੇਜਨਾ ਦੇ ਪਲਾਂ ਨੂੰ ਸਾਂਝਿਆਂ ਕਰਨ ਮੌਕੇ ਇੱਕਜੁੱਟ ਨਜ਼ਰ ਆਏ। ਇਸ ਨੇ ਸਾਨੂੰ ਇਕ ਆਸ ਦਿੱਤੀ, ਭਵਿੱਖ ‘ਤੇ ਭਰੋਸਾ ਦਿੱਤਾ ਹੈ।’
ਉਨ੍ਹਾਂ ਜਾਪਾਨ ਦੇ ਲੋਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਕੁੱਝ ਹਾਸਲ ਕੀਤਾ ਹੈ ਉਸ ਉੱਤੇ ਮਾਣ ਕਰ ਸਕਦੇ ਹਨ। ਸਮਾਪਤੀ ਸਮਾਗਮ ਦੀ ਸ਼ੁਰੂਆਤ 68,000 ਦਰਸ਼ਕਾਂ ਦੀ ਬੈਠਣ ਸਮਰੱਥਾ ਵਾਲੇ ਕੌਮੀ ਸਟੇਡੀਅਮ ਵਿੱਚ ਜਾਪਾਨ ਦਾ ਝੰਡਾ ਚੜ੍ਹਾਉਣ ਨਾਲ ਹੋਈ। ਇਸ ਮੌਕੇ ਸਟੇਡੀਅਮ ਵਿੱਚ ਅਥਲੀਟ, ਪਤਵੰਤੇ ਸੱਜਣ ਤੇ ਕਈ ਮੁਲਕਾਂ ਦੇ ਅਧਿਕਾਰੀ ਮੌਜੂਦ ਸਨ। ਵੱਖ ਵੱਖ ਮੁਲਕਾਂ ਦੇ ਖੇਡ ਦਸਤੇ ਵਾਰੀ ਸਿਰ ਸਟੇਡੀਅਮ ਵਿੱਚ ਦਾਖ਼ਲ ਹੋਏ। ਭਾਰਤੀ ਖੇਡ ਦਸਤੇ ਦੇ ਝੰਡਾਬਰਦਾਰ ਦੀ ਜ਼ਿੰਮੇਵਾਰੀ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਨਿਭਾਈ। ਸਮਾਪਤੀ ਸਮਾਗਮ ਦਾ ਥੀਮ ‘ਵਰਲਡ ਵੁਈ ਸ਼ੇਅਰ’ ਸੀ ਤੇ ਇਸ ਦੌਰਾਨ ਕਲਾਕਾਰਾਂ ਨੇ ਡਾਂਸ, ਸੰਗੀਤ ਤੇ ਕਰਤਬਾਂ ਦੀ ਪੇਸ਼ਕਾਰੀ ਦਿੱਤੀ ਤੇ ਮਗਰੋਂ ਆਤਿਸ਼ਬਾਜ਼ੀ ਵੀ ਕੀਤੀ ਗਈ।