ਟੋਕੀਓ, 24 ਜੁਲਾਈ – ਦੁਨੀਆ ਭਰ ‘ਚ ਫੈਲੀ ਕੋਵਿਡ-19 ਮਹਾਂਮਾਰੀ ਦੇ ਖ਼ੌਫ਼ ਦਰਮਿਆਨ 32ਵੀਆਂ ਉਲੰਪਿਕ ਖੇਡਾਂ ਇਕ ਸਾਲ ਦੀ ਲੰਮੀ ਉਡੀਕ ਮਗਰੋਂ 23 ਜੁਲਾਈ ਦਿਨ ਸ਼ੁੱਕਰਵਾਰ ਨੂੰ ਜਾਪਾਨੀ ਸਭਿਆਚਾਰ ਤੇ ਰਵਾਇਤਾਂ ਦੀ ਝਲਕ ਵਿਖਾਉਣ ਵਾਲੇ ਰੰਗਾਰੰਗ ਉਦਘਾਟਨੀ ਸਮਾਗਮ ਨਾਲ ਸ਼ੁਰੂ ਹੋ ਗਈਆਂ। ਖੇਡ ਮਹਾਕੁੰਭ ਦੇ ਆਗਾਜ਼ ਨੇ ਨਵੀਂ ਉਮੀਦ ਜਗਾਈ ਹੈ। ਜਾਪਾਨ ਦੇ ਸਮਰਾਟ ਨਾਰੂਹਿਤੋ ਖੇਡਾਂ ਦੇ ਉਦਘਾਟਨ ਲਈ ਨੈਸ਼ਨਲ ਸਟੇਡੀਅਮ ਵਿੱਚ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜਾਪਾਨ ਦੀ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੇ ਉਲੰਪਿਕ ਮਸ਼ਾਲ ਜਗਾਈ, ਜੋ ਖੇਡਾਂ ਦੇ ਸਮਾਪਨ ਤੱਕ ਲਗਾਤਾਰ ਜਗਦੀ ਰਹੇਗੀ।
ਕੋਵਿਡ-19 ਮਹਾਂਮਾਰੀ ਦੇ ਕਰਕੇ ਦਰਸ਼ਕਾਂ ਦੀ ਗ਼ੈਰਮੌਜੂਦਗੀ ਵਿੱਚ ਹੋਏ ਉਦਘਾਟਨੀ ਸਮਾਗਮ ਦੌਰਾਨ ਨੈਸ਼ਨਲ ਸਟੇਡੀਅਮ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਚਮਕ ਰਿਹਾ ਸੀ। ਮਹਾਂਮਾਰੀ ਕਰਕੇ ਸਾਰੇ ਦੇਸ਼ਾਂ ਦੇ ਖੇਡ ਦਲ ਆਪਣੀ ਪੂਰੀ ਸਮਰੱਥਾ ਨਾਲ ਮਾਰਚ ਪਾਸਟ ਵਿੱਚ ਸ਼ਾਮਲ ਨਹੀਂ ਹੋਏ। ਭਾਰਤੀ ਖੇਡ ਦਲ ਦੀ ਅਗਵਾਈ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੈਰੀਕੌਮ ਨੇ ਕੀਤੀ। ਮਾਰਚ ਪਾਸਟ ਦੌਰਾਨ ਭਾਰਤੀ ਖੇਡ ਦਲ 21ਵੇਂ ਨੰਬਰ ‘ਤੇ ਆਇਆ। ਸਿਰ ‘ਤੇ ਦਸਤਾਰ ਸਜਾਈ ਮਨਪ੍ਰੀਤ ਸਿੰਘ ਤੇ ਮੈਰੀ ਕੌਮ ਦੇ ਹੱਥਾਂ ਵਿੱਚ ਤਿਰੰਗਾ ਲਹਿਰਾ ਰਿਹਾ ਸੀ। ਜਦੋਂ ਕਿ ਨਿਊਜ਼ੀਲੈਂਡ ਵੱਲੋਂ ਝੰਡਾਬਰਦਾਰ ਸਾਰਾ ਹੀਰੀਨੀ ਅਤੇ ਡੇਵਿਡ ਨਯੀਕਾ ਅਤੇ ਵੀਵਰ ਰਾਨੁਈ ਨਾਗ੍ਰੀਮੂ ਸਨ।
ਜਾਪਾਨ ਨੇ ਅੱਜ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਵਿੱਚ ਉਸ ਦਿਨ ਨੂੰ ਯਾਦ ਕੀਤਾ ਗਿਆ ਜਦੋਂ 2013 ਵਿੱਚ ਉਸ ਨੇ ਮੇਜ਼ਬਾਨੀ ਹਾਸਲ ਕੀਤੀ ਸੀ। ਸਮਾਗਮ ਦੀ ਸ਼ੁਰੂਆਤ ਟੋਕੀਓ 2020 ਦੇ ਪ੍ਰਤੀਕ ਨੂੰ ਪ੍ਰਦਰਸ਼ਿਤ ਕਰਨ ਲਈ 20 ਸਕਿੰਟ ਤੱਕ ਨੀਲੀ ਤੇ ਸਫ਼ੇਦ ਰੰਗ ਦੀ ਆਤਿਸ਼ਬਾਜ਼ੀ ਨਾਲ ਕੀਤੀ ਗਈ, ਜਿਸ ਨੂੰ ਜਾਪਾਨੀ ਸਭਿਆਚਾਰ ਵਿੱਚ ਸ਼ੁੱਭ ਮੰਨਿਆ ਜਾਂਦਾ ਹੈ।
ਜਾਪਾਨ ਦੇ ਸਮਰਾਟ ਨਾਰੂਹਿਤੋ ਤੇ ਕੌਮਾਂਤਰੀ ਉਲੰਪਿਕ ਕਮੇਟੀ ਦੇ ਮੁਖੀ ਥੌਮਸ ਬਾਕ ਦੇ ਸਟੇਡੀਅਮ ਵਿੱਚ ਪੁੱਜਣ ਮਗਰੋਂ ਜਾਪਾਨ ਦਾ ਝੰਡਾ ਲਹਿਰਾਇਆ ਗਿਆ। ਜਾਪਾਨ ਦਾ ਝੰਡਾ ਲੈ ਕੇ ਚੱਲਣ ਵਾਲਿਆਂ ਵਿੱਚ ਇਕ ਸਿਹਤਕਰਮੀ ਵੀ ਸ਼ਾਮਲ ਸੀ। ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਲੋਕਾਂ ਤੇ ਸਾਬਕਾ ਉਲੰਪੀਅਨਾਂ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਕੋਵਿਡ-19 ਮਹਾਂਮਾਰੀ ਦਰਮਿਆਨ ਆਪਣੀਆਂ ਜਾਨਾਂ ਗੁਆਈਆਂ ਸਨ। ਇਸ ਦੌਰਾਨ 1972 ਮਿਊਨਿਖ ਉਲੰਪਿਕ ਦੌਰਾਨ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਇਜ਼ਰਾਇਲੀ ਖਿਡਾਰੀਆਂ, 2011 ਦੇ ਭੂਚਾਲ ਤੇ ਸੁਨਾਮੀ ਵਿੱਚ ਮਾਰੇ ਗਏ ਲੋਕਾਂ ਦਾ ਵੀ ਜ਼ਿਕਰ ਕੀਤਾ ਗਿਆ। ਇਨ੍ਹਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਖੇਡਾਂ ਵਿੱਚ ਯੋਗਦਾਨ ਲਈ ਆਈਓਸੀ ਨੇ ਬੰਗਲਾਦੇਸ਼ ਦੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨੂੰ ‘ਦਿ ਉਲੰਪਿਕ ਲੋਰੇਲ’ ਨਾਲ ਸਨਮਾਨਿਤ ਕੀਤਾ।
ਦਰਸ਼ਕਾਂ ਦੀ ਗ਼ੈਰਹਾਜ਼ਰੀ ਕਰਕੇ ਸਟੇਡੀਅਮ ਵਿੱਚ 1000 ਸ਼ਖ਼ਸੀਅਤਾਂ ਹੀ ਮੌਜੂਦ ਸਨ, ਜਿਨ੍ਹਾਂ ਵਿੱਚ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਸ਼ਾਮਲ ਸਨ। ਉਦਘਾਟਨੀ ਸਮਾਗਮ ਦੀ ਮੁੱਖ ਖਿੱਚ ਯਕੀਨੀ ਤੌਰ ‘ਤੇ ਉਹ ਖਿਡਾਰੀ ਸਨ ਜੋ ਪਿਛਲੇ ਇਕ ਸਾਲ ਤੋਂ ਮਹਾਂਮਾਰੀ ਤੇ ਖ਼ਦਸ਼ਿਆਂ ਦਰਮਿਆਨ ਆਪਣੀਆਂ ਤਿਆਰੀਆਂ ਕਰ ਰਹੇ ਸਨ।
Home Page ਟੋਕੀਓ ‘ਚ 32ਵੀਆਂ ਉਲੰਪਿਕ ਖੇਡਾਂ ਦਾ ਉਦਘਾਟਨ