
ਜਾਮਨਗਰ (ਗੁਜਰਾਤ), 19 ਅਪ੍ਰੈਲ – ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਬਲਿਊਐਚਓ ਰਵਾਇਤੀ ਮੈਡੀਸਨ ਦੇ ਆਲਮੀ ਕੇਂਦਰ (ਜੀਸੀਟੀਐਮ)ਦੀ ਸਥਾਪਨਾ ਨਾਲ ਵਿਸ਼ਵ ‘ਚ ਰਵਾਇਤੀ ਇਲਾਜ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾ. ਟੈਡਰੋਸ ਗੈਬ੍ਰੇਯੇਸਸ ਅਤੇ ਮੌਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨਾਲ ਡਬਲਿਊਐਚਓ ਰਵਾਇਤੀ ਮੈਡੀਸਨ ਦੇ ਆਲਮੀ ਕੇਂਦਰ ਦਾ ਨੀਂਹ ਪੱਥਰ ਰੱਖਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗੈਬ੍ਰੇਯੇਸਸ ਵਿਚਾਲੇ ਮੀਟਿੰਗ ਭਾਰਤ ਵੱਲੋਂ ਮੁਲਕ ‘ਚ ਕੋਵਿਡ -19 ਨਾਲ ਸਬੰਧਿਤ ਮੌਤਾਂ ਦੀ ਗਿਣਤੀ ਦਾ ਅਨੁਮਾਨ ਲਗਾਉਣ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਕਾਰਜਪ੍ਰਣਾਲੀ ‘ਤੇ ਇਤਰਾਜ਼ ਚੁੱਕੇ ਜਾਣ ਦੇ ਕੁੱਝ ਦਿਨਾਂ ਮਗਰੋਂ ਹੋਈ ਹੈ। ਮੋਦੀ ਨੇ ਇਸ ਮੌਕੇ ‘ਤੇ ਕਿਹਾ ਕਿ, ‘ਜਦੋਂ ਭਾਰਤ ਹਾਲੇ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ। ਇਸ ਕੇਂਦਰ ਲਈ ਇਹ ਨੀਂਹ ਪੱਥਰ ਸਮਾਗਮ ਅਗਲੇ 25 ਵਰ੍ਹਿਆਂ ਦੌਰਾਨ ਵਿਸ਼ਵ ‘ਚ ਰਵਾਇਤੀ ਮੈਡੀਸਨ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ।