ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਫੈਕਲਟੀ ਆਫ਼ ਕੰਪਿਊਟਿੰਗ ਸਾਇਸਿੰਜ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਦੇ ਨਿਰਦੇਸ਼ਕ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਲਹਿਲ ਵੱਲੋਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਸਿਖਾਉਣ ਲਈ ਇਕ ਸਾਫ਼ਟਵੇਅਰ ਨੂੰ ਤਿਆਰ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਲਹਿਲ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਪ੍ਰੋਜੈਕਟ ਲਈ ਵਿੱਤੀ ਸਹਾਇਤਾ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤੀ ਗਈ ਹੈ ਅਤੇ ਇਸ ਪ੍ਰਾਜੈਕਟ ਉੱਤੇ 35 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਡਾ. ਤੇਜਿੰਦਰ ਸਿੰਘ ਸੈਣੀ ਅਤੇ ਮਨਪ੍ਰੀਤ ਸਿੰਘ ਬੁਧੇਲ ਇਸ ਪ੍ਰੋਜੈਕਟ ਦੇ ਕੋ-ਕੋਆਰਡੀਨੇਟਰ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਾਫ਼ਟਵੇਅਰ ਰਾਹੀਂ ਮੋਬਾਈਲ ਉੱਤੇ ਗੁਰਮੁਖੀ ਲਿਪੀ ਤੋਂ ਲੈ ਕੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਸ਼ਬਦਾਂ ਦੀ ਜਾਣਕਾਰੀ ਵੀ ਬੋਲ ਕੇ ਦਿੱਤੀ ਜਾਵੇਗੀ ਅਤੇ ਇਹ ਜਲਦ ਹੀ ਹਰ ਐਨਡਰਾਇਡ ਮੋਬਾਈਲ ਫ਼ੋਨ ਤੇ ਕੰਪਿਊਟਰ ਆਦਿ ਵਿੱਚ ਆਨ ਲਾਇਨ ਸ਼ੁਰੂ ਹੋ ਜਾਵੇਗਾ।
ਡਾ. ਲਹਿਲ ਨੇ ਕਿਹਾ ਕਿ ‘ਈ-ਲਰਨ ਪੰਜਾਬੀ’ ਨਾਂ ਦੇ ਇਸ ਸਾਫ਼ਟਵੇਅਰ ਰਾਹੀਂ ਕਿਸੇ ਅਧਿਆਪਕ ਦੀ ਨਹੀਂ ਸਿਰਫ਼ ਇੰਟਰਨੈੱਟ ਸੁਵਿਧਾ ਦੀ ਲੋੜ ਹੋਵੇਗੀ। ਲੈਪਟਾਪ, ਐਨਡਰਾਇਡ ਫ਼ੋਨ ਜਾਂ ਫਿਰ ਆਈ ਫ਼ੋਨ ‘ਤੇ ਆਨ ਲਾਇਨ ਉਪਲਬਧ ਇਸ ਸਾਫ਼ਟਵੇਅਰ ਵਿੱਚ ਪੰਜਾਬੀ ਦੇ ਹਰ ਅੱਖਰ ਨੂੰ ਬੋਲਣ ਦਾ ਤਰੀਕਾ, ਗੁਰਮੁਖੀ ਲਿਖੀ ਦੇ 35 ਅੱਖਰ, ਗਿਣਤੀ, ਵਾਰਤਾਲਾਪ ਕਰਨ ਲਈ ਲੋੜੀਂਦੇ ਸ਼ਬਦ ਅਤੇ ਸਬਜ਼ੀਆਂ ਦੇ ਨਾਮ ਆਦਿ ਵੀ ਸਿਖਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਸਾਫ਼ਟਵੇਅਰ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਿਤ 100 ਲੈਕਚਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 30 ਪੂਰੀ ਤਰ੍ਹਾਂ ਤਿਆਰ ਕੀਤੇ ਜਾ ਚੁੱਕੇ ਹਨ ਤੇ 20 ਨੂੰ ਆਨ ਲਾਇਨ ਵੀ ਕਰ ਦਿੱਤਾ ਗਿਆ ਹੈ ਜਿਨ੍ਹਾਂ ਦਾ ਉਦਘਾਟਨ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਵੀਡੀਓ, ਆਡੀਓ ਲੈਕਚਰ ਤੋਂ ਇਲਾਵਾ ਪ੍ਰਿੰਟ ਸਮਗਰੀ ਦੀ ਸੁਵਿਧਾ ਵੀ ਦਿੱਤੀ ਗਈ ਹੈ। ਹਰ ਲੈਕਚਰ ਤੋਂ ਬਾਅਦ ਪ੍ਰਸ਼ਨ-ਉੱਤਰ ਦਾ ਪੜਾਅ ਵੀ ਰੱਖਿਆ ਗਿਆ ਹੈ। ਪਹਿਲੇ ਪੜਾਅ ਵਿੱਚ ਪੰਜਾਬੀ ਲਿਪੀ ਵਿੱਚ ਸ਼ਾਮਲ ਸ਼ਬਦਾਂ ਨੂੰ 15, ਗਿਣਤੀ ਦੇ 5, ਵਾਰਤਾਲਾਪ ਦੇ 15, ਵਕੈਬਲਰੀ ਦੇ 15, ਕਹਾਣੀਆਂ ਦੇ 15 ਐਨੀਮੇਟਿਡ ਲੈਕਚਰ ਸ਼ਾਮਲ ਕੀਤੇ ਗਏ ਹਨ। ਸਮੇਂ ਦੇ ਨਾਲ-ਨਾਲ ਲੈਕਚਰ ਦੀ ਗਿਣਤੀ ਵਿੱਚ ਵਾਧਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਈ-ਲਰਨ ਪੰਜਾਬੀ’ ਸਾਫ਼ਟਵੇਅਰ ਵਿੱਚ ਪੰਜਾਬੀ ਭਾਸ਼ਾ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਤੈਅ ਫ਼ੀਸ ਭਰ ਕੇ ਆਨ ਲਾਇਨ ਸਰਟੀਫਿਕੇਟ ਹਾਸਲ ਕਰ ਸਕੇਗਾ ਜੋ ਕਿ ਪੰਜਾਬੀ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੋਵੇਗਾ। ਇਹ ਪ੍ਰੀਖਿਆ ਦੂਸਰੇ ਦਰਜੇ ਦੀ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬੀ ਪ੍ਰਬੋਧ ਪ੍ਰੀਖਿਆ ਦੀ ਜਗ੍ਹਾ ‘ਤੇ ਇਸ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਮਾਨਤਾ ਮਿਲ ਜਾਵੇ ਤਾਂ ਹੋਰ ਵੀ ਖ਼ੁਸ਼ੀ ਦੀ ਗੱਲ ਹੋਵੇਗੀ।
Home Page ਡਾ. ਗੁਰਪ੍ਰੀਤ ਲਹਿਲ ਵੱਲੋਂ ‘ਈ-ਲਰਨ ਪੰਜਾਬੀ’ ਆਨਲਾਈਨ ਸਾਫ਼ਟਵੇਅਰ ਤਿਆਰ