ਫੁੱਲੋਖਾਰੀ (ਬਠਿੰਡਾ) – ਇੱਥੇ 28 ਅਪ੍ਰੈਲ ਦਿਨ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ‘ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੱਗਣ ਵਾਲੇ ਸਭ ਤੋਂ ਵੱਡੇ 21,500 ਹਜ਼ਾਰ ਕਰੋੜ ਦੇ ਪ੍ਰੋਜੈਕਟ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਦਾ ਰਾਜਪਾਲ ਸ਼ਿਵਰਾਜ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਪੈਟਰੋਲੀਅਮ ਮੰਤਰੀ ਜੈਪਾਲ ਰੈੱਡੀ, ਰਾਜ ਮੰਤਰੀ ਆਰ. ਪੀ. ਐੱਨ. ਸਿੰਘ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਰਾਜ ਮੰਤਰੀ ਡਾ. ਅਸ਼ਵਨੀ ਕੁਮਾਰ, ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਭਗਤ ਚੂਨੀ ਲਾਲ, ਇਲਾਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਜਥੇ. ਸੁਖਜੀਤ ਸਿੰਘ ਬਘੌਰਾ ਪ੍ਰੈੱਸ ਸਕੱਤਰ ਅਕਾਲੀ ਦਲ ਤੇ ਹੋਰ ਪ੍ਰਮੁੱਖ ਸਿਆਸੀ ਆਗੂਆਂ ਦੀ ਮੌਜੂਦਗੀ ‘ਚ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਖੁਸ਼ ਜ਼ਾਹਿਰ ਕਰਦਿਆ ਪੈਟਰੋਲੀਅਮ ਅਤੇ ਨੈਚੂਰਲ ਗੈਸ ਮੰਤਰਾਲੇ ਐੱਚ. ਪੀ. ਸੀ. ਐੱਲ., ਲਕਸ਼ਮੀ ਨਿਵਾਸ ਮਿੱਤਲ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਆਰਥਕ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਾਸਤੇ ਸੂਬੇ ਵਿੱਚ ਸਨਅਤੀਕਰਨ ਦੀ ਨਵੀਂ ਲਹਿਰ ਖੜੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਨਿਜੀ ਅਤੇ ਜਨਤਕ ਖੇਤਰ ਵਿਚਲੀ ਸੁਚੱਜੀ ਭਾਈਵਾਲੀ ਨਾਲ ਕਿੰਨੇ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ 42 ਮਹੀਨਿਆਂ ਦੇ ਰੀਕਾਰਡ ਸਮੇਂ ਵਿੱਚ ਇਸ ਵੱਡੇ ਪ੍ਰੋਜੈਕਟ ਨੂੰ ਮੁਕੰਮਲ ਕਰ ਕੇ ਇਸ ਕੰਪਨੀ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਅਤੇ ਇਹ, ਮੁਲਕ ਵਿੱਚ ਨਵੇਂ ਸਥਾਪਤ ਹੋ ਰਹੇ ਪ੍ਰਾਜੈਕਟਾਂ ਲਈ ਇਕ ਮਿਸਾਲ ਸਾਬਤ ਹੋਵੇਗੀ। ਪੰਜਾਬੀ ਵਿੱਚ ਦਿੱਤੇ ਅਪਣੇ 15 ਮਿੰਟ ਦੇ ਭਾਸ਼ਨ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੁਲਕ ਨੇ ਤੇਲ ਖੇਤਰ ਵਿੱਚ ਜ਼ਬਰਦਸਤ ਵਿਕਾਸ ਕੀਤਾ ਹੈ ਅਤੇ ਤੇਲ ਉਤਪਾਦਨ ਦੀ ਸਮਰੱਥਾ ਪਿਛਲੇ ਡੇਢ ਦਹਾਕੇ ਵਿੱਚ 620 ਲੱਖ ਮੀਟ੍ਰਿਕ ਟਨ ਸਾਲਾਨਾ ਤੋਂ ਵਧ ਕੇ 2130 ਲੱਖ ਮੀਟ੍ਰਿਕ ਟਨ ਸਾਲਾਨਾ ਹੋ ਗਈ ਹੈ। ਇਹ ਰੀਫ਼ਾਇਨਰੀ ਚਾਲੂ ਹੋਣ ਨਾਲ ਮੁਲਕ ਦੀ ਤੇਲ ਉਤਪਾਦਨ ਸਮਰੱਥਾ ਵਿੱਚ 90 ਲੱਖ ਮੀਟ੍ਰਿਕ ਟਨ ਸਾਲਾਨਾ ਦਾ ਹੋਰ ਵਾਧਾ ਹੋ ਗਿਆ ਹੈ। ਤੇਲ ਖੇਤਰ ਵਿੱਚ ਮੁਲਕ ਨੂੰ ਦਰਪੇਸ਼ ਚੁਨੌਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਾਹਮਣੇ ਸੱਭ ਤੋਂ ਵੱਡੀ ਚੁਨੌਤੀ ਵਾਜਬ ਕੀਮਤ ਉਤੇ ਊਰਜਾ ਦੀ ਲੋੜ ਨੂੰ ਪੂਰਾ ਕਰਨ ਦੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਵੀ ਸਾਡੇ ਲਈ ਨਵੀਆਂ ਮੁਸ਼ਕਲਾਂ ਖੜੀਆਂ ਕਰ ਰਹੀਆਂ ਹਨ ਪਰ ਫਿਰ ਵੀ ਆਮ ਆਦਮੀ ਨੂੰ ਵਧਦੀਆਂ ਤੇਲ ਕੀਮਤਾਂ ਦੀ ਮਾਰ ਤੋਂ ਬਚਾਉਣ ਲਈ ਸਰਕਾਰ ਲੋਕਾਂ ਨੂੰ ਡੀਜ਼ਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਬਾਜ਼ਾਰੀ ਕੀਮਤਾਂ ਨਾਲੋਂ ਘੱਟ ਭਾਅ ਉਤੇ ਮੁਹਈਆ ਕਰਵਾ ਰਹੀ ਹੈ। ….
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਉਠਾਏ ਇਕ ਮਸਲੇ ਦੇ ਜਵਾਬ ਵਿੱਚ ਕਿਹਾ ਕਿ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ ਵਲੋਂ ਹੁਸ਼ਿਆਰਪੁਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਇਕ ਵਿਸ਼ੇਸ਼ ਪ੍ਰੋਗਰਾਮ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਟੀ ਵਲੋਂ ਕੈਂਸਰ ਦੇ ਇਲਾਜ ਅਤੇ ਖੋਜ ਲਈ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਤਿੰਨ ਕੇਂਦਰਾਂ ਵਿਚੋਂ ਦੋ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਤੀਜੇ ਦੀ ਪ੍ਰਵਾਨਗੀ ਵਿਚਾਰ ਅਧੀਨ ਹੈ। ਡਾ. ਮਨਮੋਹਨ ਸਿੰਘ ਨੇ ਭਰੋਸਾ ਦਿੱਤਾ ਕਿ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਉਤੇ ਲੈ ਕੇ ਜਾਣ ਵਿੱਚ ਕੇਂਦਰ ਸਰਕਾਰ ਹਰ ਸੰਭਵ ਸਹਾਇਤਾ ਦੇਣੀ ਜਾਰੀ ਰੱਖੇਗੀ।
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਜਪਾਈ ਅਤੇ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧੰਨਵਾਦ ਕੀਤਾ। ਕਿਉਂਕਿ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਵਾਜਾਈ ਨੇ ਰੱਖਿਆ ਸੀ ਤੇ ਇਸ ਪ੍ਰੌਜੈਕਟ ਨੂੰ ਪੂਰਾ ਕਰਵਾਉਣ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਹੱਥ ਹੈ। ਉਨ੍ਹਾਂ ਇਸ ਮੌਕੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਲਈ ਵਿਸ਼ੇਸ਼ ਆਰਥਕ ਪੈਕੇਜ ਦੀ ਤੁਰਤ ਲੋੜ ਹੈ। ਮੁੱਖ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਸੂਬੇ ਵਿੱਚ ਨਵੇਂ ਉਦਯੋਗ ਸਥਾਪਤ ਕਰਵਾਉਣ ਲਈ ਇਸ ਦੇ ਗਵਾਂਢੀ ਪਹਾੜੀ ਸੂਬਿਆਂ ਨੂੰ ਦਿੱਤੀਆਂ ਜਾ ਰਹੀਆਂ ਆਰਥਕ ਰਿਆਇਤਾਂ ਪੰਜਾਬ ਨੂੰ ਵੀ ਦਿੱਤੀਆਂ ਜਾਣ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਨਿਜੀ ਦਿਲਚਸਪੀ ਲੈ ਕੇ ਮੁਹਾਲੀ ਵਿਖੇ ਬਣ ਰਹੇ ਅੰਤਰ-ਰਾਸ਼ਟਰੀ ਹਵਾਈ ਅੱਡੇ ਦੇ ਕੰਮ ਨੂੰ ਤੇਜ਼ ਕਰਨ, ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਅਤੇ ਬਠਿੰਡਾ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਾਉਣ। ਸ. ਬਾਦਲ ਨੇ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਇਹ ਗੱਲ ਵੀ ਲਿਆਂਦੀ ਕਿ ਸੂਬਿਆਂ ਨੂੰ ਆਰਥਕ ਸਹਾਇਤਾ ਜਾਂ ਵਿਕਾਸ ਸਕੀਮਾਂ ਦੇਣ ਸਮੇਂ ਜਿਹੜੇ ਨਿਯਮ ਜਾਂ ਫ਼ਾਰਮੂਲੇ ਬਣਾਏ ਜਾਂਦੇ ਹਨ, ਉਨ੍ਹਾਂ ਵਿੱਚ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਆ ਰਿਹਾ ਹੈ। ਸ. ਬਾਦਲ ਨੇ ਇਹ ਵੀ ਮੰਗ ਕੀਤੀ ਕਿ ਪਾਕਿਸਤਾਨ ਨਾਲ ਸੜਕੀ ਵਪਾਰ ਲਈ ਹੁਸੈਨੀਵਾਲਾ ਬਾਰਡਰ ਨੂੰ ਵੀ ਖੋਲ੍ਹਿਆ ਜਾਵੇ ਅਤੇ ਅਟਾਰੀ/ਵਾਹਘਾ ਸਰਹੱਦ ਰਾਹੀਂ ਉਨ੍ਹਾਂ ਸਾਰੀਆਂ ਵਸਤਾਂ ਦੇ ਵਪਾਰ ਦੀ ਖੁਲ੍ਹ ਦਿੱਤੀ ਜਾਵੇ ਜਿਹੜੀਆਂ ਮੁੰਬਈ/ਕਰਾਚੀ ਸਮੁੰਦਰੀ ਰਸਤੇ ਰਾਹੀਂ ਭੇਜੀਆਂ ਜਾਂ ਲਿਆਂਦੀਆਂ ਜਾ ਰਹੀਆਂ ਹਨ। ਸ. ਬਾਦਲ ਨੇ ਇਹ ਪ੍ਰਾਜੈਕਟ ਸਥਾਪਤ ਕਰਨ ਲਈ ਵਿਸ਼ਵ ਪ੍ਰਸਿਧ ਸਨਅਤਕਾਰ ਸ੍ਰੀ ਲਕਸ਼ਮੀ ਨਿਵਾਸ ਮਿੱਤਲ ਦਾ ਧਨਵਾਦ ਕੀਤਾ। ਕੇਂਦਰੀ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ੍ਰੀ ਐਸ. ਜੈਪਾਲ ਰੈਡੀ ਨੇ ਇਸ ਮੌਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰੀਫ਼ਾਇਨਰੀ ਨਿਜੀ ਅਤੇ ਜਨਤਕ ਭਾਈਵਾਲੀ ਵਿੱਚ ਲਗਿਆ ਇਕ ਵਿਲੱਖਣ ਪ੍ਰਾਜੈਕਟ ਹੈ ਅਤੇ ਮੁਲਕ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਨਿਜੀ ਅਤੇ ਸਰਕਾਰੀ ਭਾਈਵਾਲੀ ਵਿੱਚ ਨਵੇਂ ਪ੍ਰਾਜੈਕਟ ਲਗਾਏ ਜਾਣਗੇ। ਇਸ ਮੌਕੇ ਪਟਰੌਲੀਅਮ ਅਤੇ ਕੁਦਰਤੀ ਗੈਸ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਆਰ. ਪੀ. ਐਨ. ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਸ਼ੁਰੂ ਵਿੱਚ ਮਿੱਤਲ ਐਨਰਜੀ ਇਨਵੈਸਟਮੈਂਟ ਲਿਮਟਿਡ ਦੇ ਮਾਲਕ ਅਤੇ ਸੰਸਾਰ ਪ੍ਰਸਿੱਧ ਸਨੱਅਤਕਾਰ ਸ੍ਰੀ ਲਕਸ਼ਮੀ ਨਿਵਾਸ ਮਿੱਤਲ ਨੇ ਪ੍ਰਧਾਨ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਜੀਅ ਆਇਆਂ ਆਖਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਰੀਫ਼ਾਇਨਰੀ ਉਤਰੀ ਭਾਰਤ ਦੇ ਸਾਰੇ ਸੂਬਿਆਂ ਦੀਆਂ ਪਟਰੌਲੀਅਮ ਪਦਾਰਥਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਸਮਾਗਮ ਦੇ ਅਖ਼ੀਰ ਵਿੱਚ ਐਚ.ਪੀ. ਸੀ. ਐਲ. ਦੇ ਚੇਅਰਮੈਨ ਸ੍ਰੀ ਐਸ. ਰਾਏ ਚੌਧਰੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ. ਪਾਟਿਲ, ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਕੇਂਦਰੀ ਪਟਰੌਲੀਅਮ ਮੰਤਰੀ ਸ੍ਰੀ ਐਸ. ਜੈਪਾਲ ਰੈਡੀ, ਕੇਂਦਰੀ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਹਾਜ਼ਰ ਸ਼ਖ਼ਸੀਅਤਾਂ ਦਾ ਧਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਸ. ਬਲਵਿੰਦਰ ਸਿੰਘ ਭੂੰਦੜ, ਸ੍ਰੀ ਭਗਤ ਚੂਨੀ ਲਾਲ, ਸ. ਜਨਮੇਜਾ ਸਿੰਘ ਸੇਖੋਂ, ਸ. ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਸ. ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਅਨਿਲ ਜੋਸ਼ੀ, ਸ. ਸੁਰਜੀਤ ਸਿੰਘ ਰਖੜਾ (ਸਾਰੇ ਕੈਬਨਿਟ ਮੰਤਰੀ), ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ ਅਤੇ ਸ੍ਰੀ ਐਨ. ਕੇ. ਸ਼ਰਮਾ, ਸੀਨੀਅਰ ਅਕਾਲੀ ਆਗੂ ਸ. ਅਮਰਜੀਤ ਸਿੰਘ ਸਿੱਧੂ, ਸ. ਦਰਸ਼ਨ ਸਿੰਘ ਕੋਟਫੱਤਾ ਵਿਧਾਇਕ ਅਤੇ ਹੋਰ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪੰਜਾਬ ਨੂੰ ਬਿਨਾਂ ਕੋਈ ਰਾਹਤ ਪੈਕੇਜ਼ ਪ੍ਰਦਾਨ ਕੀਤੇ ਹੀ ਵਾਪਸ ਦਿੱਲੀ ਪਰਤ ਗਏ। ਪ੍ਰਧਾਨ ਮੰਤਰੀ ਦੀ ਬਠਿੰਡਾ ਫੇਰੀ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਪੰਜਾਬ ਵਾਸੀਆਂ ਵਿਸ਼ੇਸ਼ ਕਰ ਬਠਿੰਡਾ ਖੇਤਰ ਦੇ ਨਿਵਾਸੀਆਂ ਕਈ ਉਮੀਦਾਂ ਲਾਈ ਬੈਠੇ ਸਨ ਪਰ ਉਨ੍ਹਾਂ ਨੇ ਅਜਿਹਾ ਕੋਈ ਐਲਾਨ ਜਾਂ ਰਾਹਤ ਪੈਕੇਜ ਨਹੀਂ ਦਿੱਤਾ, ਜਿਸ ਨਾਲ ਸਭ ਦੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ।
Home Page ਡਾ. ਮਨਮੋਹਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਦਾ ਉਦਘਾਟਨ