ਡਾ. ਸੁਰਿੰਦਰ ਧੰਜਲ ਨੂੰ ਅੱਠਵਾਂ ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ

ਸਰੀ, 13 ਸਤੰਬਰ (ਹਰਦਮ ਮਾਨ) – ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਰਜਿ.) ਵੱਲੋਂ 25 ਸਤੰਬਰ 2023 (ਸੋਮਵਾਰ) ਨੂੰ ਪਾਇਲ ਬਿਜਨਿਸ ਸੈਂਟਰ ਸਰੀ ਦੇ ਪੰਜਾਬ ਬੈਂਕੁਇਟ ਹਾਲ ਵਿਚ ਦੁਪਹਿਰ ਇਕ ਵਜੇ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਮੰਗਾ ਬਾਸੀ ਨੇ ਦੱਸਿਆ ਹੈ ਕਿ ਇਸ ਸਮਾਗਮ ਵਿਚ ਉਨ੍ਹਾਂ ਵੱਲੋਂ ਆਪਣੇ ਪਿਤਾ ਪ੍ਰੀਤਮ ਸਿੰਘ ਬਾਸੀ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ‘ਸ. ਪ੍ਰੀਤਮ ਸਿੰਘ ਅੰਤਰ-ਰਾਸ਼ਟਰੀ ਸਾਹਿਤਕ ਪੁਰਸਕਾਰ’ ਇਸ ਵਾਰ ਕੈਮਲੂਪਸ ਵਸਦੇ ਨਾਮਵਰ ਸ਼ਾਇਰ, ਥਾਮਸਨ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਹੁਣ ਉਸੇ ਯੂਨੀਵਰਸਿਟੀ ਵਿਚ ਪ੍ਰੋ. ਇਮੀਰਾਟਸ, ਡਾਕਟਰ ਸੁਰਿੰਦਰ ਧੰਜਲ ਨੂੰ ਉਹਨਾਂ ਦੇ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਸਮਾਜਿਕ ਤੇ ਸਭਿਆਚਾਰਕ ਪਿੜ ਵਿਚ ਪਾਏ ਯੋਗਦਾਨ ਨੂੰ ਮੁੱਖ ਰਖਦਿਆਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਸਕਾਰ ਦੇਣ ਦਾ ਫੈਸਲਾ ਇਕ ਕਮੇਟੀ ਕਰਦੀ ਹੈ। ਇਹ ਕਮੇਟੀ ਇਹ ਵੀ ਧਿਆਨ ਵਿਚ ਰਖਦੀ ਹੈ ਕਿ ਕੀ ਉਸ ਲੇਖਕ ਦੀ ਸਾਹਿਤਕ ਦੇਣ ਨੂੰ ਅਣਗੌਲਿਆ ਕਰ ਕੇ ਵੱਡੇ ਸਨਮਾਨਾਂ ਤੋਂ ਵਿਰਵਾ ਤਾਂ ਨਹੀਂ ਰੱਖਿਆ ਗਿਆ! ਇਹ ਅਵਾਰਡ’ ਇਸ ਤੋਂ ਪਹਿਲਾਂ ਇਹ ਸਰਵਣ ਰਾਹੀ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਸੁਖਵਿੰਦਰ ਕੰਬੋਜ਼, ਹਰਬੀਰ ਸਿੰਘ ਭੰਵਰ, ਹਰਜੀਤ ਦੌਧਰੀਆ ਅਤੇ ਡਾ. ਸਾਧੂ ਸਿੰਘ ਨੂੰ ਦਿੱਤਾ ਜਾ ਚੁੱਕਾ ਹੈ। ਪੁਰਸਕਾਰ ਵਿਚ ਸਨਮਾਨ ਚਿਨ੍ਹ ਵਜੋਂ ਗਿਆਰਾਂ ਸੌ ਡਾਲਰ (ਕਨੇਡੀਅਨ), ਇਕ ਸ਼ਾਲ ਤੇ ਇਕ ਪਲੇਕ ਹੁੰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ 25 ਸਤੰਬਰ ਨੂੰ ਹੋਣ ਵਾਲੇ ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ. ਪੀ. ਸਿੰਘ, ਡਾ. ਸਾਧੂ ਸਿੰਘ ਅਤੇ ਡਾ. ਰਘਬੀਰ ਸਿੰਘ ਸਿਰਜਣਾ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਹਰ ਪੰਜਾਬੀ ਪਿਆਰੇ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਹੋਰ ਜਾਣਕਾਰੀ ਲਈ ਮੰਗਾ ਬਾਸੀ ਨਾਲ ਫੋਨ ਨੰਬਰ 604-240-1095 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।