ਨਵੀਂ ਦਿੱਲੀ – ਸਥਾਨਕ ਦਿੱਲੀ ਹਾਈ ਕੋਰਟ ਨੇ ਪਾਬੰਦੀ ਸ਼ੁਦਾ ਬੱਬਰ ਖਾਲਸਾ ਅੰਤਰਰਾਸ਼ਟਰੀ ਖਾੜਕੂ ਗਰੁੱਪ ਨਾਲ ਸਬੰਧਿਤ ਪੰਜਾਬ ਵਾਸੀ ਜਸਵਿੰਦਰ ਸਿੰਘ ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮਾਰਨ ਦੀ ਸਾਜ਼ਿਸ਼ ਰਚਨ ਦੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ। ਗੌਰਤਲਬ ਹੈ ਕਿ ਜਸਵਿੰਦਰ ਸਿੰਘ ਇਕ ਗੁਰਦੁਆਰੇ ਵਿੱਚ ਗ੍ਰੰਥੀ ਸੀ, ਇਸ ਨੂੰ ਪਿਛਲੇ ਸਾਲ 22 ਦਸੰਬਰ ਨੂੰ ਦਿੱਲੀ ਪੁਲਿਸ ਨੇ ਅਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਪਾਸੋਂ ਦੋ 30 ਬੋਰ ਦੇ ਪਿਸਤੌਲ 30 ਜ਼ਿੰਦਾ ਕਾਰਤੂਸ ਅਤੇ ਕੁੱਝ ਜਾਅਲੀ ਨੋਟ ਬਰਾਮਦ ਕੀਤੇ ਗਏ ਸਨ। ਉਕਤ ਦੋਸ਼ੀ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, ਆਰਮਜ਼ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਾਲ ਜੂਨ ਵਿੱਚ ਦਿੱਲੀ ਸਰਕਾਰ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਅਧੀਨ ਉਸ ਉੱਪਰ ਸਬੂਤਾਂ ਦੀ ਘਾਟ ਕਾਰਨ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਸੀ ਦਿੱਤੀ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਜਸਵਿੰਦਰ ਸਿੰਘ ਨੇ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ 50,000 ਦੀ ਜ਼ਾਮਨੀ ‘ਤੇ ਜਸਵਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਅਦਾਲਤ ਦੀ ਆਗਿਆ ਤੋਂ ਬਿਨਾਂ ਉਹ ਭਾਰਤ ਛੱਡ ਕੇ ਨਹੀਂ ਜਾ ਸਕਦਾ। ਪੁਲਿਸ ਦਾ ਇਹ ਦਾਅਵਾ ਕਿ ਜਸਵਿੰਦਰ ਨੇ ਇਹ ਖੁਲਾਸਾ ਕੀਤਾ ਸੀ ਕਿ ਉਹ ਬੱਬਰ ਖਾਲਸਾ ਦਾ ਮੈਂਬਰ ਹੈ, ਨੂੰ ਰੱਦ ਕਰਦਿਆਂ ਉਸ ਦੇ ਵਕੀਲ ਆਰ. ਬੀ. ਸਿੰਘ ਨੇ ਦਲੀਲ ਦਿੱਤੀ ਕਿ ਉਸ ਦੇ ਮੁਅੱਕਲ ਨੂੰ ਜਾਣ-ਬੁਝ ਕੇ ਉਕਤ ਮਾਮਲੇ ਵਿੱਚ ਫਸਾਇਆ ਗਿਆ ਹੈ। ਜੋ ਵੀ ਹਥਿਆਰ ਉਸ ਪਾਸੋਂ ਬਰਾਮਦ ਹੋਏ ਹਨ ਉਹ ਪੁਲਿਸ ਵਲੋਂ ਉਸ ‘ਤੇ ਪਾਏ ਗਏ ਹਨ।
Indian News ਡੇਰਾ ਮੁਖੀ ਨੂੰ ਮਾਰਨ ਵਾਲੇ ਕੇਸ ‘ਚ ਖਾੜਕੂ ਜਸਵਿੰਦਰ ਸਿੰਘ ਦੀ ਜ਼ਮਾਨਤ...