ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ
ਡੈਨਵਰ (ਅਮਰੀਕਾ) – ਕਾਲੋਰਾਡੋ ਸਟੇਟ ਦੇ ਡੈਨਵਰ ਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਵੱਲੋਂ ਈਸਟ ਹਾਈ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਅਤੇ ਸਿਟੀ ਪਾਰਕ ਇਲਾਕੇ ਵਿੱਚ ਪ੍ਰੇਡ ਵੀ ਕੱਢੀ। ਸਿੱਖਾਂ ਵੱਲੋਂ ਵਿਸ਼ਵ ਭਰ ਵਿੱਚ ਮਨਾਏ ਜਾਂਦੇ ਵਿਸਾਖੀ ਦੇ ਤਿਉਹਾਰ ਮੌਕੇ ਡੈਨਵਰ ਵਿੱਚ ਕੀਤਾ ਗਿਆ, ਇਹ ਦੂਜਾ ਸਾਲਾਨਾ ਸਮਾਗਮ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਅਲੱਗ-ਅਲੱਗ ਰੰਗਾਂ ਦੀਆਂ ਦਸਤਾਰਾਂ ਸਜਾ ਕੇ ਸ਼ਾਮਿਲ ਹੋਏ। ਸਿੱਖ ਪਰੇਡ ਈਸਟ 16 ਐਵਿਨਿਊ ਪਲੇਸ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਮੁੜ ਇਸੇ ਹੀ ਥਾਂ ‘ਤੇ ਆ ਕੇ ਸਮਾਪਤ ਹੋਈ। ਸਿੱਖ ਪਰੇਡ ਵਿੱਚ
ਸ਼ਾਮਲ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਇਸ ਗੱਲ ਦਾ ਭੁਲੇਖਾ ਪਾ ਰਿਹਾ ਸੀ, ਜਿਸ ਤਰ੍ਹਾਂ ਇਹ ਪਰੇਡ ਅਮਰੀਕਾ ਦੀ ਧਰਤੀ ‘ਤੇ ਨਹੀਂ ਸਗੋਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੋਵੇ। ਪਰੇਡ ਵਿੱਚ ਸ਼ਾਮਲ ਸਿੱਖ ਸੰਗਤਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਵਾਤਾਵਰਣ ਨੂੰ ਰੂਹਾਨੀਅਤ ਵਾਲਾ ਬਣਾ ਰਹੀਆਂ ਸਨ।
ਇਸ ਮੌਕੇ ‘ਤੇ ਇਕੱਤਰ ਹੋਈਆਂ ਸੰਗਤਾਂ ਨੂੰ ਕੋਲੋਰਾਡੋ ਸਿੰਘ ਸਭਾ ਵੱਲੋਂ ਸੰਬੋਧਨ ਕਰਦਿਆਂ ਸ. ਰਾਜਬੀਰ ਸਿੰਘ ਢਿੱਲੋਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਿਹਾ ਕਿ ਇਤਨਾ ਵੱਡਾ ਕਾਰਜ ਸੰਗਤਾਂ ਦੇ ਸਹਿਯੋਗ ਤੋਂ ਬਗੈਰ ਸਫਲ ਨਹੀਂ ਹੋ ਸਕਦਾ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਕਾਂਗਰਸਮੈਨਾਂ, ਸੈਨੇਟਰਾਂ ਤੇ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਤੇ ਉਨ੍ਹਾਂ ਸਾਰਿਆਂ ਨੂੰ ਸਿੱਖ ਸੰਗਤਾਂ ਵੱਲੋਂ ਸਨਮਾਨਿਤ ਵੀ ਕੀਤਾ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਸਿੱਖ ਆਗੂ ਸ. ਦਲਜੀਤ ਸਿੰਘ ਹੋਥੀ ਨੇ ਦੱਸਿਆ ਕਿ ਇਹ ਸਿੱਖ ਪਰੇਡ ਅਮਰੀਕਨ ਲੋਕਾਂ ਵਿਚਕਾਰ ਸਿੱਖਾਂ ਦੀ ਪਹਿਚਾਣ ਸਬੰਧੀ ਪੈਦਾ ਹੋਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਬਹੁਤ ਲਾਭਦਾਇਕ ਰਹੇਗੀ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੀ ਕਾਲੋਰਾਡੋ ਸਟੇਟ ਇਕਾਈ ਦੇ ਪ੍ਰਧਾਨ ਸ. ਰਾਜਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਮਰੀਕਾ ਉੱਪਰ 9/11 ਦੇ ਹਮਲਿਆਂ ਤੋਂ ਬਾਅਦ ਸਿੱਖ ਕੌਮ ਨੂੰ ਅਮਰੀਕਾ ਅੰਦਰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾਣ ਲਗਾ ਸੀ ਜਿਸ ਨਾਲ ਸਿੱਖ ਕੌਮ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਸ. ਢਿੱਲੋਂ ਨੇ ਕਿਹਾ ਕਿ ਮੈਟਰੋ ਏਰੀਆ ਦੇ ਨਜ਼ਦੀਕ ਹੀ 1000 ਸਿੱਖ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਆਪਣੇ ਕਾਰੋਬਾਰ ਹਨ ਤੇ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਆਪੋ ਆਪੋ ਅਦਾਰਿਆਂ ਵਿੱਚ ਰੋਜ਼ਗਾਰ ‘ਤੇ ਰੱਖਿਆ ਹੋਇਆ ਹੈ। ਇਨ੍ਹਾਂ ਸਿੱਖ ਪਰਿਵਾਰਾਂ ਵਿੱਚੋਂ ਜ਼ਿਆਦਾਤਰ ਉੱਤਰੀ ਭਾਰਤ ਦੇ ਪੰਜਾਬ ਸੂਬੇ ਤੋਂ ਹਨ। ਸ. ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਹਿਰਾਵੇ ਅਤੇ ਕੇਸਾਂ ਕਾਰਨ ਸਿੱਖਾਂ ਨੂੰ ਅਕਸਰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਸ. ਸੰਧੂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ, ਬਰਾਬਰੀ ਅਤੇ ਨਿਆਂ ਸਿੱਖ ਧਰਮ ਦੇ ਮਹੱਤਵਪੂਰਨ ਸਿਧਾਂਤ ਹਨ। ਉਨ੍ਹਾਂ ਕਿਹਾ ਕਿ ਹਰ ਧਰਮ ਦੇ ਲੋਕਾਂ ਲਈ ਗੁਰੂ ਘਰਾਂ ਵਿੱਚ ਮੁਫ਼ਤ ਭੋਜਨ ਉਪਲਬਧ ਹੈ।
ਰਿਪਬਲਿਕਨ ਕਾਂਗਰਸਮੈਨ ਮਾਈਕ ਕੋਫਿਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਧਰਮ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਭਾਈਚਾਰੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਤੋਂ ਬਹੁਤ ਚਿੰਤਤ ਹਨ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਹਾਜ਼ਰੀ ਭਰਨ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਦੇ ਮਾਣ ਵਜੋਂ ਦਸਤਾਰਾਂ ਵੀ ਸਜਾਈਆਂ। ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ Jon Rylander (24) ਨੇ ਕਿਹਾ ਕਿ ਦੂਜੇ ਧਰਮਾਂ ਬਾਰੇ ਜਾਣਨਾ ਹਮੇਸ਼ਾ ਚੰਗਾ ਹੁੰਦਾ ਹੈ। ਸਿੱਖ ਪਰੇਡ ਦੀ ਸਫ਼ਲਤਾ ਲਈ ਹੋਰਨਾਂ ਤੋਂ ਇਲਾਵਾ ਸ. ਮਨਜੀਤ ਸਿੰਘ ਸਿੱਧੂ, ਦਲਬੀਰ ਸਿੰਘ ਨਾਗਰਾ, ਬਲਬੀਰ ਸਿੰਘ ਤੇ ਭਾਈ ਸਤਿੰਦਰ ਸਿੰਘ ਜੀ ਨੇ ਦਿਨ ਰਾਤ ਇਕ ਕਰਕੇ ਕੰਮ ਕੀਤਾ।
International News ਡੈਨਵਰ ਦੇ ਸਿੱਖ ਭਾਈਚਾਰੇ ਵੱਲੋਂ ਸ਼ਾਨਦਾਰ ਸਿੱਖ ਪਰੇਡ