ਵਾਸ਼ਿੰਗਟਨ, 4 ਅਕਤੂਬਰ – ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਨੇ ਇੱਥੇ ਲੀਡਰਸ਼ਿਪ ਫੋਰਮ ਦੌਰਾਨ ਮੰਚ ਸਾਂਝਾ ਕਰਦਿਆਂ ਆਪਣੀਆਂ ਭਾਰਤੀ ਜੜ੍ਹਾਂ ਨੂੰ ਫਰੋਲਿਆ। ਉਨ੍ਹਾਂ ਇਸ ਮੌਕੇ ਵਿਆਹੁਤਾ ਜੀਵਨ ’ਚ ਬਰਾਬਰੀ ਤੋਂ ਲੈ ਕੇ ਜਲਵਾਯੂ ਤਬਦੀਲੀ ਜਿਹੇ ਮੁੱਦਿਆਂ ਉਤੇ ਚਰਚਾ ਕੀਤੀ।
ਚੋਪੜਾ ਜੋਨਸ ਜੋ ਕਿ ਹੁਣ ਲਾਸ ਏਂਜਲਸ ਵਿਚ ਰਹਿੰਦੀ ਹੈ, ਨੂੰ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਔਰਤਾਂ ਦੀ ਲੀਡਰਸ਼ਿਪ ਫੋਰਮ ਨੇ ਸ਼ੁੱਕਰਵਾਰ ਹੈਰਿਸ ਨਾਲ ਗੱਲਬਾਤ ਦਾ ਸੱਦਾ ਦਿੱਤਾ ਸੀ। ਡੈਮੋਕਰੈਟਾਂ ਨਾਲ ਭਰੇ ਹਾਲ ਵਿਚ ਗੱਲਬਾਤ ਸ਼ੁਰੂ ਕਰਦਿਆਂ ਚੋਪੜਾ ਨੇ ਕਿਹਾ ਕਿ ਇਕ ਤਰ੍ਹਾਂ ‘ਅਸੀਂ ਦੋਵੇਂ ਹੀ ਭਾਰਤ ਦੀਆਂ ਧੀਆਂ ਹਾਂ।’ ਪ੍ਰਿਯੰਕਾ ਨੇ ਇਸ ਮੌਕੇ ਹੈਰਿਸ ਨੂੰ ਕਿਹਾ, ‘ਤੁਸੀਂ ਭਾਰਤੀ ਮਾਂ ਤੇ ਜਮਾਇਕੀ ਮੂਲ ਦੇ ਪਿਤਾ ਦੀ ਅਮਰੀਕੀ ’ਚ ਜੰਮੀ-ਪਲੀ ਮਾਣਮੱਤੀ ਧੀ ਹੋ। ਮੈਂ ਭਾਰਤੀ ਡਾਕਟਰ ਜੋੜੇ ਦੀ ਭਾਰਤ ਵਿਚ ਜੰਮੀ-ਪਲੀ ਧੀ ਹਾਂ ਤੇ ਹਾਲ ਹੀ ਵਿਚ ਇਸ ਮੁਲਕ ’ਚ ਆਵਾਸੀ ਵਜੋਂ ਆਈ ਹਾਂ ਜੋ ਪੂਰੀ ਤਰ੍ਹਾਂ ਅਮੈਰੀਕਨ ਡਰੀਮ ਵਿਚ ਯਕੀਨ ਰੱਖਦੀ ਹੈ।’ ਜ਼ਿਕਰਯੋਗ ਹੈ ਕਿ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ, ਪਹਿਲੀ ਸਿਆਹਫਾਮ ਅਮਰੀਕੀ ਤੇ ਦੱਖਣੀ ਏਸ਼ਿਆਈ-ਅਮਰੀਕੀ ਮੂਲ ਦੀ ਪਹਿਲੀ ਸ਼ਖ਼ਸੀਅਤ ਹੈ। ਪ੍ਰਿਯੰਕਾ ਨੇ ਇਸ ਮੌਕੇ ਕਿਹਾ ਕਿ ਅਮਰੀਕਾ ਪੂਰੀ ਦੁਨੀਆ ਵਿਚ ਉਮੀਦ ਦੀ ਕਿਰਨ, ਆਜ਼ਾਦੀ ਤੇ ਚੋਣ ਕਰਨ ਦੀ ਖੁੱਲ੍ਹ ਲਈ ਜਾਣਿਆ ਜਾਂਦਾ ਹੈ, ਤੇ ਹੁਣ ਇਨ੍ਹਾਂ ਸਾਰੇ ਆਦਰਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਪਣੀਆਂ ਟਿੱਪਣੀਆਂ ਵਿਚ ਹੈਰਿਸ ਨੇ ਮੰਨਿਆ ਕਿ ਇਸ ਵੇਲੇ ਲੋਕ ਅਸਥਿਰ ਸੰਸਾਰ ਵਿਚ ਰਹਿ ਰਹੇ ਹਨ। ਹੈਰਿਸ ਨੇ ਕਿਹਾ ਕਿ ਉਹ ਦੁਨੀਆ ਦੇ ਸੈਂਕੜੇ ਆਗੂਆਂ ਦੇ ਸੰਪਰਕ ਵਿਚ ਰਹਿੰਦੀ ਹੈ ਤੇ ਕਹਿ ਸਕਦੀ ਹੈ ਕਿ ‘ਜਿਨ੍ਹਾਂ ਚੀਜ਼ਾਂ ਨੂੰ ਅਸੀਂ ਪਹਿਲਾਂ ਪੱਕੀਆਂ ਮੰਨ ਕੇ ਬੈਠੇ ਸੀ, ਹੁਣ ਉਨ੍ਹਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ ਤੇ ਗੰਭੀਰ ਚਿੰਤਨ ਦੀ ਲੋੜ ਹੈ।’
Home Page ਡੈਮੋਕਰੈਟਾਂ ਦਾ ਸੰਮੇਲਨ: ਪ੍ਰਿਯੰਕਾ ਤੇ ਕਮਲਾ ਹੈਰਿਸ ਨੇ ਲੀਡਰਸ਼ਿਪ ਫੋਰਮ ‘ਚ ਦੁਨੀਆ...