ਡ੍ਰਾਈਵਿੰਗ ਲਾਇਸੰਸ, ਗੱਡੀਆਂ ਦੇ ਵਾਰੰਟ ਆਫ਼ ਫਿਟਨੈੱਸ ਅਤੇ ਰਜਿਸਟ੍ਰੇਸ਼ਨ ਆਦਿ ਨੂੰ 6 ਮਹੀਨਿਆਂ ਦੀ ਮੁਹਲਤ

ਵੱਡੀ ਰਾਹਤ…ਤਾਂ ਕਿ ਚੱਕੇ ਚਲਦੇ ਰਹਿਣ
ਆਕਲੈਂਡ, 9 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਸਰਕਾਰ ਨੇ ਤੁਹਾਡੀ ਜ਼ਰੂਰੀ ਆਵਾਜਾਈ ਜਾਰੀ ਰੱਖਣ ਦੇ ਮਨੋਰਥ ਨਾਲ ਵੱਡੀ ਰਾਹਤ ਦਿੰਦਿਆਂ ਤੁਹਾਡੀਆਂ ਗੱਡੀਆਂ ਦੇ ਚੱਕੇ ਚਲਦੇ ਰੱਖਣ ਲਈ ਅਹਿਮ ਫ਼ੈਸਲਾ ਕੀਤਾ ਹੈ। ਤੁਹਾਡੇ ਡ੍ਰਾਈਵਿੰਗ ਲਾਇਸੰਸ, ਗੱਡੀਆਂ ਦੇ ਵਾਰੰਟ ਆਫ਼ ਫਿਟਨੈੱਸ, ਕਮਰਸ਼ੀਅਲ ਗੱਡੀਆਂ ਦੇ ਸਰਟੀਫਿਕੇਟ ਆਫ਼ ਫਿੱਟਨੈੱਸ ਜੋ ਵੀ 1 ਜਨਵਰੀ 2020 ਤੋਂ ਬਾਅਦ ਆਪਣੀ ਮਿਆਦ ਪੁਗਾ ਚੁੱਕੇ ਹਨ ਨੂੰ 10 ਅਪ੍ਰੈਲ 2020 ਤੋਂ ਬਾਅਦ ਹੋਰ ੬ ਮਹੀਨਿਆਂ ਦੇ ਲਈ ਮੁਹਲਤ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਤੁਹਾਨੂੰ ਪੁਲਿਸ ਵਾਲਾ ਰੋਕਦਾ ਹੈ ਤਾਂ ਤੁਹਾਨੂੰ ਹਰਜਾਨਾ ਟਿਕਟ ਨਹੀਂ ਮਿਲੇਗੀ। ਸ਼ਰਤ ਇਹ ਹੈ ਕਿ ਤੁਹਾਡੀ ਗੱਡੀ ਮੁੱਢਲੀਆਂ ਜ਼ਰੂਰਤਾਂ ਸਬੰਧੀ ਵਰਤੋਂ ਵਿੱਚ ਹੋਣੀ ਚਾਹੀਦੀ ਹੈ। ਡ੍ਰਾਈਵਰਾਂ ਨੂੰ ਟਵਿਰਲ-TWIRL – check your Tyres, Windscreen, Wipers, Mirrors, and Indicators, look for Rust, and Test your Lights. (ਟਾਇਰਜ਼, ਵਿੰਡਸਕਰੀਨ, ਵਾਈਪਰਜ਼, ਮਿਰਰਜ਼ ਅਤੇ ਇੰਡੀਕੇਟਰਜ਼ ਚੈੱਕ ਕਰਨਾ) ਦਾ ਤਰੀਕਾ ਦੱਸਿਆ ਗਿਆ ਤਾਂ ਕਿ ਉਹ ਆਪਣੀਆਂ ਗੱਡੀਆਂ ਦੀ ਚੈਕਿੰਗ ਆਪ ਕਰ ਸਕਣ। ਰਿਪੇਅਰ ਆਦਿ ਨੂੰ ਵੀ ਜ਼ਰੂਰਤਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਤਾਂ ਲੋਕ ਟਾਇਰ ਪੰਚਰ ਆਦਿ ਜਾਂ ਛੋਟਾ-ਮੋਟਾ ਕੰਮ ਕਰਵਾ ਸਕਣ। ਲਾਇਸੰਸ ਇਨਡੋਰਸਮੈਂਟ ਜੋ ਕਿ 1 ਮਾਰਚ 2020 ਨੂੰ ਖ਼ਤਮ ਹੋਈਆਂ ਹਨ ਵੀ ਵਧਾਈਆਂ ਜਾਣਗੀਆਂ ਅਤੇ ਮੌਜੂਦਾ ਰਜਿਸਟ੍ਰੇਸ਼ਨ ਸਟਿੱਕਰ ਵੀ ਡਿਸਪਲੇ ਕਰਨਾ ਜ਼ਰੂਰੀ ਨਹੀਂ ਹੋਵੇਗਾ ਜੇ ਕਰ ਉਹ 1 ਜਨਵਰੀ 2020 ਤੋਂ ਬਾਅਦ ਖ਼ਤਮ ਹੋਇਆ ਹੈ।