ਢੀਂਡਸਾ ਤੇ ਬ੍ਰਹਮਪੁਰਾ ਨੇ ਰਲ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ

ਚੰਡੀਗੜ੍ਹ, 17 ਮਈ – ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਰਲੇਵੇਂ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਗਠਨ ਦਾ ਐਲਾਨ ਕੀਤਾ। ਦੋਹਾਂ ਸੀਨੀਅਰ ਅਕਾਲੀ ਆਗੂਆਂ ਨੇ ਇੱਥੇ ਮੀਟਿੰਗ ਤੋਂ ਬਾਅਦ ਕਿਹਾ ਕਿ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਪਾਰਟੀ ਵੱਲੋਂ ਜਥੇਦਾਰ ਬ੍ਰਹਮਪੁਰਾ ਨੂੰ ਸਰਪ੍ਰਸਤ ਤੇ ਸ੍ਰੀ ਢੀਂਡਸਾ ਨੂੰ ਪ੍ਰਧਾਨ ਥਾਪਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਕੁੱਝ ਚੋਣਵੇਂ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ, ਜਸਟਿਸ ਨਿਰਮਲ ਸਿੰਘ, ਬੀਰ ਦਵਿੰਦਰ ਸਿੰਘ, ਪਰਮਿੰਦਰ ਸਿੰਘ ਢੀਂਡਸਾ ਆਦਿ ਸ਼ਾਮਲ ਸਨ। ਮੀਟਿੰਗ ਵਿੱਚ ਪੰਥ ਅਤੇ ਪੰਜਾਬ ਦੀਆਂ ਸਿਰਮੋਰ ਹਸਤੀਆਂ ਜਿਨ੍ਹਾਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਸਿਹਤ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਪੱਤਰਕਾਰ ਜਰਨੈਲ ਸਿੰਘ, ਸ: ਅਭੇ ਸਿੰਘ ਸੰਧੂ ਭਤੀਜਾ ਅਮਰ ਸ਼ਹੀਦ ਭਗਤ ਸਿੰਘ, ਸੰਤ ਬਾਬਾ ਛੋਟਾ ਸਿੰਘ ਜੀ, ਸਾਬਕਾ ਮੈਂਬਰ ਪਾਰਲੀਮੈਂਟ ਰਘੁਨੰਦਨ ਲਾਲ ਭਾਟੀਆ, ਸ਼ਹੀਦ ਹਵਲਦਾਰ ਅੰਮ੍ਰਿਤਪਾਲ ਸਿੰਘ, ਜਥੇਦਾਰ ਸੰਤੋਖ ਸਿੰਘ ਸਾਹਨੀ ਗੁੜਗਾਂਵ ਅਤੇ ਡਾ. ਨਿਜ਼ਾਮ ਮਲੇਰਕੋਟਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਕਿਹਾ ਗਿਆ ਹੈ ਕਿ ਪੰਜਾਬ ਨੂੰ ਮੌਜੂਦਾ ਸਮੇਂ ਕਾਂਗਰਸ, ਬਾਦਲਾਂ ਅਤੇ ਭਾਜਪਾ ਤੋਂ ਬਚਾਉਣ ਦੀ ਲੋੜ ਹੈ। ਇਸ ਲਈ ਨਵੇਂ ਅਕਾਲੀ ਦਲ ਰਾਹੀਂ ਸੂਬੇ ਦੇ ਲੋਕਾਂ ਨੂੰ ਬਦਲਵੀਂ ਸਿਆਸੀ ਸੋਚ ਤੇ ਸੱਚੀ-ਸੁੱਚੀ ਸਿਆਸਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬਾਦਲਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਅਕਾਲੀ ਆਗੂਆਂ ਨੇ ਬਾਦਲਾਂ ‘ਤੇ ਪੰਥਕ ਮਰਿਆਦਾਵਾਂ ਦਾ ਘਾਣ ਕਰਨ ਅਤੇ ਸਿੱਖ ਸੰਸਥਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵੀ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਸਾਂਝ ਜੱਗ ਜ਼ਾਹਿਰ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲੀਸ ਗੋਲੀ ਕਾਂਡਾਂ ਦੇ ਦੋਸ਼ੀ ਅੱਜ ਤੱਕ ਫੜੇ ਨਹੀਂ ਗਏ। ਅਕਾਲੀ ਆਗੂਆਂ ਨੇ ਸੂਬੇ ਵਿੱਚ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ ਤੇ ਸ਼ਰਾਬ ਮਾਫ਼ੀਆ ਦਾ ਪਹਿਲਾਂ ਵਾਂਗ ਹੀ ਦੌਰ ਹੋਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹਮਖ਼ਿਆਲ ਪਾਰਟੀਆਂ ਨਾਲ ਸਾਂਝ ਪਾ ਕੇ ਪੰਜਾਬ ਨੂੰ ਮਾਫ਼ੀਆ ਤੋਂ ਮੁਕਤ ਕਰਾਇਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਸਪੱਸ਼ਟੀਕਰਨ ਮੰਗਿਆ ਗਿਆ ਕਿ ਉਹ ਦੱਸਣ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਰੋਨਾ ਕਾਲ ਅਤੇ ਕਿਸਾਨ ਸੰਘਰਸ਼ ਦੌਰਾਨ ਦਾਨ ਵਜੋਂ ਆਈ ਰਕਮ ਦਾ ਵੇਰਵੇ ਸਬੰਧੀ ਵਾਈਟ ਪੇਪਰ ਜਾਰੀ ਕਰਨ ਤਾਂ ਜੋ ਦੇਸ਼ ਦੁਨੀਆ ਅੰਦਰ ਵੱਸ ਦੀ ਸਿੱਖ ਕੌਮ ਨੂੰ ਪਤਾ ਲੱਗ ਸਕੇ ਕਿ ਦਾਨ ਵਜੋਂ ਆਈ ਰਕਮ ਕਿਹੜੇ ਲੋਕਾਂ ਪਾਸੋਂ ਕਬੂਲ ਕੀਤੀ ਗਈ ਹੈ, ਕਿਉਂਕਿ ਇਸ ਵਕਤ ਫ਼ਿਲਮੀ ਅਦਾਕਾਰ ਅਮਿਤਾਬ ਬਚਨ ਜਿਸ ਦਾ ਨਾਮ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਹੋਇਆ ਹੈ ਪਾਸੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 12 ਕਰੋੜ ਰੁਪਏ ਹਾਸਿਲ ਕੀਤੇ ਹਨ। ਪਾਰਟੀ ਨੇ ਕਿਹਾ ਕੀ ਬਾਦਲ ਦੱਸਣਗੇ ਕਿ ਕਾਤਲਾਂ ਕੋਲੋਂ ਦਾਨ ਵਜੋਂ ਪੈਸੇ ਲੈਣੇ ਕਿਨ੍ਹੇ ਕੁ ਵਾਜਬ ਹਨ।