ਉਪਰਾਜਪਾਲ ਨੇ ਸਿੱਖਾਂ ਦੀ ਸੁਰਖਿਆਂ ਨੂੰ ਯਕੀਨੀ ਬਨਾਉਂਣ ਦਾ ਭਰੋਸਾ ਦਿੱਤਾ
ਨਵੀਂ ਦਿੱਲੀ, ੧੬ ਅਗਸਤ – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਤ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੁਆ ਦਾ ਇਕ ਵਫਦ ਬਲਵੰਤ ਸਿੰਘ ਰਾਮੂਵਾਲੀਆ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਇੰਚਾਰਜ ਦਿੱਲੀ ਇਕਾਈ ਦੀ ਅਗਵਾਈ ਹੇਠ ਦਿੱਲੀ ਦੇ ਉਪਰਾਜਪਾਲ ਨਜੀਬਜੰਗ ਨੂੰ ਮਿਲਿਆ। ਉਕਤ ਵਫਦ ਨੇ ਦਿੱਲੀ ਦੇ ਤਿਲਕ ਵਿਹਾਰ ਵਿਖੇ ਕਲ ਸਿੱਖਾਂ ਉਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਘਟਨਾ ਵਾਸਤੇ ਦਿੱਲੀ ਸਰਕਾਰ ਤੇ ਕਾਂਗਰੇਸ ਪਾਰਟੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਵਫਦ ਨੇ ਕਿਹਾ ਕਿ ਕਾਂਗਰੇਸ ਸਰਕਾਰ ਨੇ ਇਕ ਗਿਣੀ-ਮਿਣੀ ਸਾਜਿਸ਼ ਅਧੀਨ ਦਿੱਲੀ ਦੇ ਸਿੱਖ ਭਾਈਚਾਰੇ ਦੇ ਖਿਲਾਫ ਘ੍ਰਿਣਾ ਫੈਲਾਉਣ ਅਤੇ ਸਿੱਖਾਂ ਨੂੰ ਬਾਕੀ ਸਮਾਜ ਤੋਂ ਅਲਗ ਥਲਗ ਕਰਕੇ ਸਿੱਖ ਕੌਮ ਪ੍ਰਤੀ ਜਿਹਾਦ ਛੇੜਨ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਕਿਉਂਕਿ ਇਸ ਵੇਲੇ ੧੯੮੪ ਕਤਲੇਆਮ ਦੇ ਦੋਸ਼ੀ ਵਡੇ ਕਾਂਗਰੇਸੀ ਆਗੂਆ ਖਿਲਾਫ ਅਦਾਲਤੀ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਾਂਗਰੇਸ ਸਰਕਾਰ ਸਿੱਖਾਂ ਨੂੰ ਬਦਨਾਮ ਕਰਕੇ ਉਨ੍ਹਾਂ ਦੇ ਹੋਂਸਲੇ ਡੇਗਣ ਤੇ ਤੁਲੀ ਹੋਈ ਹੈ। ਇਸ ਲਈ ਉਪਰਾਜਪਾਲ ਤੁਰੰਤ ਦਖਲ ਦੇਣ। ਇਸ ਵਫਦ ਵਿਚ ਰਵਿੰਦਰ ਸਿੰਘ ਖੁਰਾਨਾ ਕਾਰਜਕਾਰੀ ਪ੍ਰਧਾਨ ਦਿੱਲੀ ਕਮੇਟੀ, ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਗੁਰਦੇਵ ਸਿੰਘ ਭੋਲਾ ਵੀ ਮੌਜੂਦ ਸਨ। ਦਿੱਲੀ ਪੁਲਿਸ ਦੀ ਭੂਮਿਕਾ ਨੂੰ ਸਵਾਲਾ ਵਿੱਚ ਖੜਾ ਕਰਦੇ ਹੋਏ ਉਕਤ ਆਗੂਆ ਨੇ ਦਿੱਲੀ ਪੁਲਿਸ ਵਲੋਂ ਸ਼ਾਂਤਮਈ ਸਿੱਖਾਂ ਉਤੇ ਲਾਠੀਚਾਰਜ, ਅਥਰੂ ਗੈਸ ਅਤੇ ਗੋਲੀ ਚਲਾਉਂਣ ਦੀ ਕਾਰਵਾਈ ਨੂੰ ਪੁਰੀ ਤਰ੍ਹਾਂ ਗੈਰ ਜਰੂਰੀ ਦਸਦੇ ਹੋਏ ਦਾਅਵਾ ਕੀਤਾ ਕਿ ਪੁਲਿਸ ਨੇ ਜ਼ਖਮੀਆਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਰੋਕਣ ਵਾਸਤੇ ਜਾਨਬੂਝ ਕੇ ਰੁਕਾਵਟਾਂ ਪਾਈਆਂ ਤੇ ਪੁਲਿਸ ਨੇ ਸਿੱਖ ਕੌਮ ਦੇ ਖਿਲਾਫ ਇਕ ਤਰਫਾ ਕਾਰਵਾਈ ਕਰਕੇ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਹੈ।
ਰਵਿੰਦਰ ਸਿੰਘ ਖੁਰਾਨਾ ਨੇ ਦਸਿਆ ਕਿ ਹਾਲੇ ਵੀ ਦੋ ਗੰਭੀਰ ਰੁਪ ਵਿੱਚ ਘਾਇਲ ਸਿੱਖ ਆਈ. ਸੀ. ਯੂ. ਵਿੱਚ ਭਰਤੀ ਨੇ ਪਰ ਇਲਾਕੇ ਦੇ ਐਸ. ਐਚ. ਓ. ਨੇ ਨਾ ਕੇਵਲ ਸਿੱਖਾਂ ਖਿਲਾਫ ਇਕ ਤਰਫਾ ਕਾਰਵਾਈ ਕੀਤੀ ਸਗੋ ਜ਼ਖਮੀ ਸਿੱਖਾਂ ਦੇ ਖਿਲਾਫ ਵੀ ਮੁਕੱਦਮੇ ਦਰਜ ਕੀਤੇ। ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਸਿੱਖ ਸ਼ਾਂਤੀ ਪਸੰਦ ਕੌਮ ਹੈ ਤੇ ਸਾਬਕਾ ਉਪ ਰਾਜਪਾਲ ਐਚ. ਐਲ. ਕਪੂਰ ਨੇ ਆਪਣੇ ਕਾਰਜਕਾਲ ਦੌਰਾਨ ਤਿਲਕ ਵਿਹਾਰ ਕਲੋਨੀ ਨੂੰ ਸੰਵੇਦਨਸ਼ੀਲ ਇਲਾਕਾ ਐਲਾਨਿਆ ਹੋਇਆ ਸੀ ਪਰ ਇਲਾਕੇ ਦੀ ਚੌਂਕੀ ਵਿੱਚ ਮਾਮੁਲੀ ਝਗੜੇ ਨੂੰ ਰੋਕਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਸਨ। ਜਿਸ ਕਰਕੇ ਮਾਹੌਲ ਜਾਦਾ ਖਰਾਬ ਹੋਇਆ। ਉਪਰਾਜਪਾਲ ਨੇ ਵਫਦ ਨੂੰ ਇਲਾਕੇ ਵਿੱਚ ਛੇਤੀ ਹੀ ਸ਼ਾਤੀ ਕਾਇਮ ਕਰਕੇ ਮਾਹੋਲ ਨੂੰ ਸੁਖਾਵਾਂ ਬਨਾਉਂਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ੮੪ ਦੇ ਸਿੱਖ ਵਿਰੋਧੀ ਦੰਗੇ ਸ਼ਰਮਨਾਕ ਸਨ ਤੇ ਦਿੱਲੀ ‘ਚ ਵਸਦੇ ਸਿੱਖਾਂ ਦੀ ਸੁਰਖਿਆ ਦੀ ਜ਼ਿਮੇਵਾਰੀ ਸਾਡੀ ਹੈ ਤੇ ਅਸੀਂ ਉਸ ਨੁੰ ਪੁਰੀ ਤਨਦੇਹੀ ਨਾਲ ਨਿਭਾਵਾਂਗੇ।
Indian News ਤਿਲਕ ਵਿਹਾਰ ਦੰਗੇ ਦੇ ਮਸਲੇ ਤੇ ਸਿੱਖ ਆਗੂ ਉਪਰਾਜਪਾਲ ਨੂੰ ਮਿਲੇ