ਤਿੰਨ ਉਡਾਣਾਂ ਰਾਹੀਂ 688 ਭਾਰਤੀ ਨਾਗਰਿਕ ਦੇਸ਼ ਪਰਤੇ

ਨਵੀਂ ਦਿੱਲੀ/ਤਿਰੂਵਨੰਤਪੁਰਮ, 27 ਫਰਵਰੀ – ਏਅਰ ਇੰਡੀਆ ਦੀਆਂ ਤਿੰਨ ਹੋਰ ਉਡਾਣਾਂ ਰਾਹੀਂ 688 ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੇ ਹੰਗਰੀ ਦੀ ਰਾਜਧਾਨੀ ਬੁਦਾਪੈਸਟ ਦੇ ਰਸਤੇ ਐਤਵਾਰ ਨੂੰ ਭਾਰਤ ਲਿਆਂਦਾ ਗਿਆ ਹੈ। ਇਹ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਸਨ ਜਿੱਥੋਂ ਉਹ ਰੋਮਾਨੀਆ ਤੇ ਹੰਗਰੀ ਪਹੁੰਚੇ ਸਨ। ਸਿਵਲ ਐਵੀਏਸ਼ਨ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਹਾਲੇ ਵੀ ਯੂਕਰੇਨ ਵਿੱਚ 13 ਹਜ਼ਾਰ ਭਾਰਤੀ ਫਸੇ ਹੋਏ ਹਨ ਤੇ ਸਰਕਾਰ ਦੀ ਮਦਦ ਨਾਲ ਇਨ੍ਹਾਂ ਨੂੰ ਜਲਦੀ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਮਗਰੋਂ ਹੁਣ ਤੱਕ 907 ਭਾਰਤੀਆਂ ਨੂੰ ਵਾਪਸ ਦੇਸ਼ ਲਿਆਂਦਾ ਗਿਆ ਹੈ। ਇਸ ਮੁਹਿੰਮ ਨੂੰ ਅਪਰੇਸ਼ਨ ਗੰਗਾ ਦਾ ਨਾਂ ਦਿੱਤਾ ਗਿਆ ਹੈ।