ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਲੋਕ ਸਭਾ ‘ਚ 2 ਮਿੰਟ ਦਾ ਮੌਨ ਰੱਖਿਆ, ‘ਹਮ ਦੋ ਹਮਾਰੇ ਦੋ’ ਦੇ ਹਵਾਲੇ ਨਾਲ ਮੋਦੀ ਸਰਕਾਰ ਨੂੰ ਲਾਏ ਰਗੜੇ
ਨਵੀਂ ਦਿੱਲੀ, 11 ਫਰਵਰੀ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਲਈ ਮੋਦੀ ਸਰਕਾਰ ‘ਤੇ ਤਿੱਖਾ ਹੱਲਾ ਬੋਲਦਿਆਂ ਲੋਕ ਸਭਾ ਵਿੱਚ ਅੱਜ ਕਿਹਾ ਕਿ ਇਸ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਖੇਤੀ ਖੇਤਰ ਕੁੱਝ ਵੱਡੇ ਉਦਯੋਗਪਤੀਆਂ ਦੇ ਨਿਯੰਤਰਣ ਵਿੱਚ ਚੱਲੇ ਜਾਣ ਦਾ ਦੋਸ਼ ਲਗਾਇਆ। ਦਿੱਲੀ ਦੀਆਂ ਬਰੂੰਹਾਂ ‘ਤੇ ਜਾਰੀ ਸੰਘਰਸ਼ ਸਿਰਫ਼ ਕਿਸਾਨਾਂ ਦਾ ਨਹੀਂ ਹੈ, ਬਲਕਿ ਦੇਸ਼ ਦਾ ਅੰਦੋਲਨ ਹੈ।
ਲੋਕ ਸਭਾ ਵਿੱਚ ਬਜਟ ‘ਤੇ ਚੱਲ ਰਹੀ ਬਹਿਸ ਦੌਰਾਨ ਰਾਹੁਲ ਨੇ ਸਰਕਾਰ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਭਾਰਤ ਖਾਦਿਅ ਸੁਰੱਖਿਆ ਪ੍ਰਣਾਲੀ ਖ਼ਤਮ ਹੋ ਜਾਵੇਗੀ ਅਤੇ ਪੇਂਡੂ ਮਾਲੀ ਹਾਲਤ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕਾਨੂੰਨਾਂ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਖੇਤੀਬਾੜੀ ਖੇਤਰ ਕੁੱਝ ਵੱਡੇ ਉਦਯੋਗਪਤੀਆਂ ਦੇ ਕਾਬੂ ਵਿੱਚ ਚਲਾ ਜਾਵੇਗਾ। ਕਾਂਗਰਸ ਨੇਤਾ ਨੇ ਕਿਹਾ ਕਿ ਇਸ ਦਾ ਉਦੇਸ਼ ਮੰਡੀਆਂ ਖ਼ਤਮ ਕਰਨ, ਅਸੀਮਿਤ ਜਮ੍ਹਾਖ਼ੋਰੀ ਨਾਲ ਹੈ ਅਤੇ ਜਦੋਂ ਕਿਸਾਨ ਆਪਣੀ ਉਪਜ ਦਾ ਠੀਕ ਮੁੱਲ ਮੰਗੇਗਾ ਤਾਂ ਉਸ ਨੂੰ ਅਦਾਲਤ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਕਾਨੂੰਨਾਂ ਦੇ ਬਾਅਦ ਦੇਸ਼ ਦਾ ਖੇਤੀਬਾੜੀ ਖੇਤਰ 2-4 ਉਦਯੋਗਪਤੀਆਂ ਦੇ ਹੱਥ ਵਿੱਚ ਚਲਾ ਜਾਵੇਗਾ। ਉਨ੍ਹਾਂ ਕਿਹਾ ਸਰਕਾਰ ਨੂੰ ਇਹ ਕਾਲੇ ਖੇਤੀ ਕਾਨੂੰਨ ਹਰ ਹਾਲ ਵਾਪਸ ਲੈਣੇ ਪੈਣਗੇ। ਗਾਂਧੀ ਨੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਇਸ ਮੌਕੇ 2 ਮਿੰਟ ਦਾ ਮੌਨ ਵੀ ਰੱਖਿਆ, ਜਿਸ ਵਿੱਚ ਕਾਂਗਰਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਤੇ ਡੀਐੱਮਕੇ ਦੇ ਮੈਂਬਰ ਵੀ ਸ਼ਾਮਲ ਹੋਏ। ਜਦੋਂ ਕਿ ਭਾਜਪਾ ਤੇ ਉਸ ਦੀ ਹਮਾਇਤੀ ਪਾਰਟੀਆਂ ਦੇ ਸਾਂਸਦਾਂ ਵੱਲੋਂ ਰੋਲਾ ਪਾਇਆ ਗਿਆ।
ਰਾਹੁਲ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਦਾ ਵਿਸ਼ਾ ਵਸਤੂ ਤੇ ਇਰਾਦਾ ਦੋਵੇਂ ਸ਼ੱਕੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਪਿਛਲਾ ਅਸਲ ਇਰਾਦਾ ਸਨਅਤਕਾਰਾਂ ਨੂੰ ਬੇਹਿਸਾਬਾ ਅਨਾਜ ਖ਼ਰੀਦ ਕੇ ਆਪਣੀ ਮਰਜ਼ੀ ਮੁਤਾਬਿਕ ਭੰਡਾਰਨ ਦੀ ਖੁੱਲ੍ਹ ਦੇਣਾ ਹੈ। ਰਾਹੁਲ ਨੇ ਪਰਿਵਾਰ ਨਿਯੋਜਨ ਦੇ ਪੁਰਾਣੇ ਨਾਅਰੇ ‘ਹਮ ਦੋ ਹਮਾਰੇ ਦੋ’ ਦੇ ਹਵਾਲੇ ਨਾਲ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ 4 ਤੋਂ 5 ਲੋਕ ਚਲਾ ਰਹੇ ਹਨ। ਉਨ੍ਹਾਂ ਨਾਂਅ ਲਏ ਬਿਨਾ ਅੰਬਾਨੀ ਤੇ ਅਡਾਨੀ ਉੱਤੇ ਨਿਸ਼ਾਨਾ ਲਗਾਇਆ। ਰਾਹੁਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਭਾਰਤ ਦੀ ਖ਼ੁਰਾਕ ਸੁਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦੇਣਗੇ ਤੇ ਪੇਂਡੂ ਅਰਥਚਾਰੇ ਨੂੰ ਵੱਡੀ ਢਾਹ ਲੱਗੇਗੀ। ਰਾਹੁਲ ਨੇ ਸਾਫ਼ ਕਰ ਦਿੱਤਾ ਕਿ ਕਿਸਾਨ ਕਿਤੇ ਨਹੀਂ ਜਾ ਰਹੇ, ਪਰ ਉਹ ਇਸ ਸਰਕਾਰ ਨੂੰ ਜ਼ਰੂਰ ਸੱਤਾ ਤੋਂ ਲਾਂਭੇ ਕਰ ਦੇਣਗੇ।
Home Page ਤਿੰਨ ਖੇਤੀ ਕਾਨੂੰਨ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ – ਰਾਹੁਲ...