ਨਵੀਂ ਦਿੱਲੀ, 10 ਅਪ੍ਰੈਲ – 16ਵੀਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਅੱਜ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ (ਯੂਪੀ) ਦੇ ਦੰਗਾ ਪ੍ਰਭਾਵਿਤ ਮੁਜ਼ੱਫ਼ਰਨਗਰ ਸਮੇਤ 11 ਸੂਬਿਆਂ ਦੀਆਂ 92 ਸੀਟਾਂ ਲਈ ਵੋਟਾਂ ਅੱਜ ਪੈ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਚੰਡੀਗੜ੍ਹ ਸਮੇਤ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਨਤੀਜੇ 16 ਮਈ ਨੂੰ ਆਉਣਗੇ। ਚੋਣਾਂ ਦੇ ਇਸ ਤੀਜੇ ਗੇੜ ਵਿੱਚ ਲਗਭਗ 11 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਅੱਜ ਲੋਕ ਸਭਾ ਸਪੀਕਰ ਮੀਰਾ ਕੁਮਾਰ, ਕਪਿਲ ਸਿੱਬਲ, ਕਮਲਨਾਥ, ਸ਼ਸ਼ੀ ਥਰੂਰ (ਸਾਰੇ ਕਾਂਗਰਸ), ਆਰਐਲਡੀ ਦੇ ਅਜੀਤ ਸਿੰਘ, ਸਾਬਕਾ ਫ਼ੌਜ ਮੁਖੀ ਵੀ. ਕੇ. ਸਿੰਘ ਅਤੇ ਹਰਸ਼ਵਰਧਨ (ਦੋਵੇਂ ਭਾਜਪਾ) ਸਮੇਤ 1418 ਉਮੀਦਵਾਰਾਂ ਦੀ ਕਿਸਮਤ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਚ ਸ਼ਾਮ ਤੱਕ ਬੰਦ ਹੋ ਜਾਵੇਗੀ।
ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਕਰੀਬ ਇਕ ਕਰੋੜ 27 ਲੱਖ ਵੋਟਰ 150 ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ। ਦਿੱਲੀ ‘ਚ ਮੁਕਾਬਲਾ ਸਖ਼ਤ ਹੈ ਕਾਂਗਰਸ ਦੇ ਕਪਿਲ ਸਿੱਬਲ, ਅਜੇ ਮਾਕਨ, ਜੇ. ਪੀ. ਅਗਰਵਾਲ……… ਅਤੇ ਸੰਦੀਪ ਦੀਕਸ਼ਤ, ਭਾਜਪਾ ਦੇ ਹਰਸ਼ਵਰਧਨ, ਮੀਨਾਕਸ਼ੀ ਲੇਖੀ ਅਤੇ ਭੋਜਪੁਰੀ ਗਾਇਕ ਮਨੋਜ ਤਿਵਾੜੀ, ਆਮ ਆਦਮੀ ਪਾਰਟੀ ਵੱਲੋਂ ਰਾਜਮੋਹਨ ਗਾਂਧੀ, ਜਰਨੈਲ ਸਿੰਘ ਅਤੇ ਰਾਖੀ ਬਿੜਲਾ ਆਦਿ ਵਿਚਾਲੇ ਹੈ।
ਹਰਿਆਣਾ ਦੀਆਂ ਸਾਰੀਆਂ 10 ਸੀਟਾਂ ‘ਤੇ 230 ਉਮੀਦਵਾਰ ਚੋਣ ਮੈਦਾਨ ਹਨ, ਜਿਨ੍ਹਾਂ ਵਿੱਚੋਂ 11 ਮਹਿਲਾ ਉਮੀਦਵਾਰ ਹਨ। ਹਰਿਆਣਾ ‘ਚ ਕਾਂਗਰਸ ਦੇ ਉਦਯੋਗਪਤੀ ਨਵੀਨ ਜਿੰਦਲ ਅਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਲੜਕੇ ਦੀਪਇੰਦਰ ਹੁੱਡਾ ਚੋਣ ਮੈਦਾਨ ‘ਚ ਹਨ ਜਦੋਂ ਕਿ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਰਾਓ ਇੰਦਰਜੀਤ ਸਿੰਘ ਚੁਣੌਤੀ ਦੇ ਰਹੇ ਹਨ। ਆਮ ਆਦਮੀ ਪਾਰਟੀ ਦੇ ਯੋਗੇਂਦਰ ਯਾਦਵ, ਇਨੈਲੋ ਦੇ ਦੁਸ਼ਯੰਤ ਚੌਟਾਲਾ ਅਤੇ ਹਜਕਾਂ ਦੇ ਕੁਲਦੀਪ ਬਿਸ਼ਨੋਈ ਵੀ ਚੋਣ ਮੈਦਾਨ ਵਿੱਚ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ‘ਚ ਸਿਟਿੰਗ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ, ਭਾਜਪਾ ਦੀ ਅਦਾਕਾਰਾ ਕਿਰਨ ਖੇਰ, ਆਮ ਆਦਮੀ ਪਾਰਟੀ ਦੀ ਅਦਾਕਾਰਾ ਗੁਲ ਪਨਾਗ ਅਤੇ ਬਸਪਾ ਦੀ ਜਨੰਤ ਜਹਾਂ ਉੱਲ ਹੱਕ ਵਿੱਚ ਦਿਲਚਸਪ ਮੁਕਾਬਲਾ ਹੈ। ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਮੁਜ਼ੱਫ਼ਰਨਗਰ, ਸਹਾਰਨਪੁਰ, ਕੈਰਾਨਾ, ਅਲੀਗੜ੍ਹ, ਬਿਜਨੌਰ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ ਅਤੇ ਬੁਲੰਦ ਸ਼ਹਿਰ ਵਿੱਚ ਵੋਟਾਂ ਪੈ ਰਹੀਆਂ ਹਨ। ਇਸੇ ਤਰ੍ਹਾਂ ਬਿਹਾਰ ਦੀਆਂ ਕੁੱਲ 40 ਸੀਟਾਂ ‘ਚੋਂ 6 ‘ਤੇ ਵੋਟਾਂ ਪੈਣਗੀਆਂ।
ਕੇਰਲਾ ਦੀਆਂ ਸਾਰੀਆਂ 20 ਸੀਟਾਂ ‘ਤੇ ਇਕ ਦਿਨ ‘ਚ ਹੀ ਚੋਣ ਪੈਣੀਆਂ ਹਨ। ਮੱਧ ਪ੍ਰਦੇਸ਼ ਦੀਆਂ ੯ ਸੀਟਾਂ ਅਤੇ ਉੜੀਸਾ ਦੀਆਂ 10 ਲੋਕ ਸਭਾ ‘ਚ ਵੀ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਉੜੀਸਾ ਵਿਧਾਨ ਸਭਾ ਲਈ ਵੀ 70 ਸੀਟਾਂ ‘ਤੇ ਪਹਿਲੇ ਗੇੜ ‘ਚ ਵੋਟਿੰਗ ਹੋਏਗੀ। ਇਨ੍ਹਾਂ ‘ਚ ਕਈ ਹਲਕੇ ਮਾਓਵਾਦੀ ਪ੍ਰਭਾਵਿਤ ਇਲਾਕਿਆਂ ‘ਚ ਆਉਂਦੇ ਹਨ ਜਿੱਥੇ ਉਨ੍ਹਾਂ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ।