‘ਤੀਸਰੀਆਂ ਐਨਜ਼ੈੱਡ ਸਿੱਖ ਖੇਡਾਂ’ ਆਕਲੈਂਡ ‘ਚ ਕੋਰੋਨਾ ਲੌਕਡਾਉਨ ਕਰਕੇ ਮੁਅੱਤਲ, ਖੇਡਾਂ ਅਗਲੇ ਸਾਲ ਕਰਵਾਉਣ ਦਾ ਫ਼ੈਸਲਾ

ਆਕਲੈਂਡ, 26 ਅਕਤੂਬਰ – ਇੱਥੇ ਅਗਲੇ ਮਹੀਨੇ ਦੀ 27 ਤੇ 28 ਨਵੰਬਰ ਨੂੰ ਕਰਵਾਈਆਂ ਜਾਣ ਵਾਲੀਆਂ ‘ਤੀਸਰੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਰਕੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਖੇਡਾਂ ਅਗਲੇ ਸਾਲ ਕਰਵਾਈਆਂ ਜਾਣਗੀਆਂ।
ਐਨਜ਼ੈੱਡ ਸਿੱਖ ਖੇਡਾਂ ਦੇ ਪ੍ਰਬੰਧਕਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਕਲੈਂਡ ‘ਚ ਡੈਲਟਾ ਦੇ ਵੱਧ ਦੇ ਪ੍ਰਕੋਪ ਨੂੰ ਵੇਖਦੇ ਹੋਏ ਲੌਕਡਾਉਨ ਦੇ ਸਮਾਪਤ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਨਿਊਜ਼ੀਲੈਂਡ ਸਰਕਾਰ ਵੱਲੋਂ ਨਵੀਂ “ਟ੍ਰੈਫ਼ਿਕ ਲਾਈਟ” ਸਿਸਟਮ ਜੋ ਰੈੱਡ, ਊਰੇਂਜ ਤੇ ਗ੍ਰੀਨ ਲਾਈਟ ਉੱਤੇ ਅਧਾਰਿਤ ਹੈ. ਉਹ ਪਲਾਨ ਲਿਆਂਦਾ ਜਾ ਰਿਹਾ ਹੈ, ਉਸ ਦੇ ਕਰਕੇ ਜਲਦੀ ਹੀ ਆਕਲੈਂਡ ‘ਚ ਲੌਕਡਾਉਨ ਸਮਾਪਤ ਹੋਣ ਵਾਲਾ ਨਹੀਂ ਹੈ। ਇਸ ਸਭ ਨੂੰ ਵੇਖਦੇ ਹੋਏ ਸਿੱਖ ਖੇਡਾਂ ਦੇ ਪ੍ਰਬੰਧਕਾਂ ਨੇ ਫ਼ੈਸਲਾ ਲਿਆ ਕਿ ਇਸ ਸਾਲ 2021 ਦੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਨੂੰ ਅਗਲੇ ਸਾਲ 2022 ਵਿੱਚ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਤੀਸਰੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਨੂੰ ‘ਐਨਜ਼ੈੱਡ ਸਿੱਖ ਖੇਡਾਂ 2021-22’ ਦਾ ਨਾਂਅ ਦੇ ਕੇ ਇਕੱਠੀਆਂ ਹੀ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਖੇਡ ਕਮੇਟੀ ਨੇ ਅਗਲੇ ਸਾਲ ਕਰਵਾਈਆਂ ਜਾਣ ਵਾਲੀਆਂ ਇਹ ਖੇਡਾਂ ਨਵੰਬਰ ਮਹੀਨੇ ਵਿੱਚ ਹੀ ਕਰਵਾਉਣ ਦਾ ਫ਼ੈਸਲਾ ਲਿਆ ਹੈ। ਪਹਿਲਾਂ ਵਿਚਾਰ ਕੀਤਾ ਗਿਆ ਕਿ ਅਗਲੇ ਸਾਲ ਜਨਵਰੀ ਜਾਂ ਫਰਵਰੀ ਵਿੱਚ ਇਹ ਖੇਡਾਂ ਕਰਵਾ ਲਈਆਂ ਜਾਣ, ਪਰ ਉਨ੍ਹਾਂ ਦਿਨਾਂ ਵਿੱਚ ਖੇਡ ਦੇ ਮੈਦਾਨ ਅਤੇ ਹੋਰ ਪ੍ਰਬੰਧ ਉਪਲਬਧ ਨਹੀਂ ਸਨ, ਜਿਸ ਕਰਕੇ ਫ਼ੈਸਲਾ ਨਵੰਬਰ ਮਹੀਨੇ ਦਾ ਹੀ ਲੈਣਾ ਪਿਆ। ਮਾਰਚ ਮਹੀਨੇ ਲੋਕਲ ਕਬੱਡੀ ਸੀਜ਼ਨ ਵੀ ਚੱਲ ਪੈਂਦਾ ਹੈ ਜਿਸ ਕਰਕੇ ਇਹ ਵੀ ਧਿਆਨ ਰੱਖਿਆ ਗਿਆ ਕਿ ਸਾਡੇ ਖੇਡ ਕਲੱਬ ਆਪਣੇ-ਆਪਣੇ ਤਹਿ ਸਮੇਂ ਅਨੁਸਾਰ ਖੇਡ ਟੂਰਨਾਮੈਂਟ ਕਰਵਾ ਸਕਣ।
ਪ੍ਰਬੰਧਕਾਂ ਨੇ ਕਿਹਾ ਕਿ ਇਹ ਖੇਡਾਂ ਸੰਭਾਵਿਤ ਅਗਲੇ ਸਾਲ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੀ ਹੋਣਗੀਆਂ ਅਤੇ ਇਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਅਗਲੇ ਸਾਲ ਕੀਤਾ ਜਾਵੇਗਾ। ਇਹ ਵੀ ਆਸ ਕੀਤੀ ਗਈ ਹੈ ਕਿ ਅਗਲੇ ਸਾਲ ਤੱਕ ਦੇਸ਼ ਤੋਂ ਬਾਹਰ ਦੀਆਂ ਟੀਮਾਂ, ਸਭਿਆਚਾਰਕ ਕਲਾਕਾਰ ਅਤੇ ਦਰਸ਼ਕ ਵੀ ਸ਼ਿਰਕਤ ਕਰ ਸਕਣਗੇ।