ਅਗਰਤਲਾ, 16 ਫਰਵਰੀ – ਤ੍ਰਿਪੁਰਾ ਅਸੈਂਬਲੀ ਦੀਆਂ 60 ਸੀਟਾਂ ਲਈ ਰਿਕਾਰਡ 92% ਤੋਂ ਵੱਧ ਰਿਕਾਰਡ ਪੋਲਿੰਗ ਹੋਈ, ਜਦੋਂ ਕਿ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਵੋਟਾਂ ਵੇਲੇ ਸੂਬੇ ‘ਚ ਲੜਾਈ ਝਗੜੇ ਦੀਆਂ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਦਾ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਦੋ ਵੱਖ ਵੱਖ ਘਟਨਾਵਾਂ ਵਿੱਚ ਸੀਪੀਐੱਮ ਦੇ ਤਿੰਨ ਕਾਰਕੁਨ ਜ਼ਖ਼ਮੀ ਹੋ ਗਏ। ਵੋਟਿੰਗ ਮਗਰੋਂ ਮੁੱਖ ਮੰਤਰੀ ਮਾਨਿਕ ਸਾਹਾ, ਸੀਪੀਐੱਮ ਦੇ ਸੂਬਾਈ ਸਕੱਤਰ ਜੀਤੇਂਦਰ ਚੌਧਰੀ ਸਣੇ ਹੋਰਨਾਂ ਪ੍ਰਮੁੱਖ ਆਗੂਆਂ ਦੀ ਸਿਆਸੀ ਕਿਸਮਤ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ। ਇੱਥੇ ਤਿੰਨ ਧਿਰੀਂ ਮੁਕਾਬਲੇ ਵਿੱਚ ਸੱਤਾਧਾਰੀ ਭਾਜਪਾ, ਖੱਬੇ-ਪੱਖੀ-ਕਾਂਗਰਸ ਗੱਠਜੋੜ ਤੇ ਟਿਪਰਾ ਮੋਥਾ ਪਾਰਟੀ ਚੋਣ ਮੈਦਾਨ ਵਿੱਚ ਹਨ। ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੋਟਿੰਗ ਫੀਸਦ ਵਧਣ ਦੇ ਆਸਾਰ ਹਨ ਕਿਉਂਕਿ ਵੋਟਿੰਗ ਲਈ ਨਿਰਧਾਰਿਤ ਸਮਾਂ ਪੂਰਾ ਹੋਣ ਮਗਰੋਂ ਵੀ 50 ਹਜ਼ਾਰ ਦੇ ਕਰੀਬ ਵੋਟਰ ਵੱਖ ਵੱਖ ਪੋਲਿੰਗ ਸਟੇਸ਼ਨਾਂ ਵਿੱਚ ਕਤਾਰਾਂ ਵਿੱਚ ਲੱਗੇ ਹੋਏ ਸਨ।
ਵਧੀਕ ਮੁੱਖ ਚੋਣ ਅਧਿਕਾਰੀ ਯੂ.ਜੇ. ਮੋਗ ਨੇ ਕਿਹਾ ਕਿ ਸ਼ਾਮ 4 ਵਜੇ ਤੱਕ 60 ਅਸੈਂਬਲੀ ਹਲਕਿਆਂ ਵਿੱਚ ਔਸਤ 81.11% ਪੋਲਿੰਗ ਦਰਜ ਕੀਤੀ ਗਈ ਹੈ। ਜਿਨ੍ਹਾਂ ਵੋਟਰਾਂ ਨੇ ਸ਼ਾਮ 4 ਵਜੇ ਤੱਕ ਟੋਕਨ ਲੈ ਲਏ ਸਨ, ਉਨ੍ਹਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। 2018 ਦੀਆਂ ਅਸੈਂਬਲੀ ਚੋਣਾਂ ਵਿੱਚ ਰਾਤ ਸਾਢੇ ਨੌਂ ਵਜੇ ਤੱਕ ਵੋਟ ਪਾਉਣ ਦੀ ਖੁੱਲ੍ਹ ਦਿੱਤੀ ਗਈ ਸੀ ਤੇ ਉਦੋਂ ਕੁੱਲ ਮਿਲਾ ਕੇ 79% ਪੋਲਿੰਗ ਹੋਈ ਸੀ। ਮੇਘਾਲਿਆ ਤੋਂ ਘਰੋਂ ਬੇਘਰ ਕੀਤੇ ਬਰੂ ਸ਼ਰਨਾਰਥੀਆਂ ਨੇ ਪਹਿਲੀ ਵਾਰ ਤ੍ਰਿਪੁਰਾ ‘ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਵੋਟਿੰਗ ਦੇ ਅਮਲ ਨੇ ਰਫ਼ਤਾਰ ਫੜ ਲਈ। ਤ੍ਰਿਪੁਰਾ ਵਿੱਚ ਮੁੱਖ ਮੁਕਾਬਲਾ ਭਾਜਪਾ-ਆਈਪੀਐੱਫਟੀ ਗੱਠਜੋੜ, ਸੀਪੀਆਈ (ਐੱਮ) ਤੇ ਟਿਪਰਾ ਮੋਥਾ ਵਿਚਾਲੇ ਸੀ। ਟਿਪਰਾ ਮੋਥਾ ਖੇਤਰੀ ਪਾਰਟੀ ਹੈ, ਜਿਸ ਦਾ ਗਠਨ ਉੱਤਰ ਪੂਰਬੀ ਰਾਜ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਫ਼ਰਜ਼ੰਦ ਵੱਲੋਂ ਕੀਤਾ ਗਿਆ ਹੈ।
ਭਾਜਪਾ ਕੁੱਲ 55 ਸੀਟਾਂ ‘ਤੇ ਚੋਣ ਲੜ ਰਹੀ ਹੈ ਤੇ ਇਸ ਨੇ ਆਪਣੇ ਭਾਈਵਾਲ ਆਈਪੀਐੱਫਟੀ ਨੂੰ 6 ਸੀਟਾਂ ਦਿੱਤੀਆਂ ਹਨ ਜਦੋਂਕਿ ਇੱਕ ਸੀਟ ‘ਤੇ ਦੋਵਾਂ ਦਰਮਿਆਨ ਦੋਸਤਾਨਾ ਮੁਕਾਬਲਾ ਹੈ। ਸੀਪੀਆਈ (ਐੱਮ) 47 ਤੇ ਕਾਂਗਰਸ ਨੇ 13 ਸੀਟਾਂ ‘ਤੇ ਚੋਣ ਲੜੀ। ਟਿਪਰਾ ਮੋਥਾ ਨੇ 42 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ। ਸੱਤਾਧਾਰੀ ਭਾਜਪਾ ਨੇ 12 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ।
Home Page ਤ੍ਰਿਪੁਰਾ ਵਿਧਾਨ ਸਭਾ ਚੋਣਾਂ: ਸੂਬੇ ‘ਚ ਰਿਕਾਰਡ 92% ਤੋਂ ਵੱਧ ਪੋਲਿੰਗ, ਵੋਟਾਂ...