ਦਸੂਹਾ – 11 ਜੁਲਾਈ ਦਿਨ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਦਸੂਹਾ ਦੀ ਜ਼ਿਮਨੀ ਚੋਣ ਲਈ ਵੋਟਾਂ ਪਈਆਂ ਗਈਆਂ, ਇਸ ਚੋਣ ਦਾ ਨਤੀਜਾ 14 ਜੁਲਾਈ ਨੂੰ ਆਵੇਗਾ। ਹਲਕੇ ਵਿੱਚ ਲਗਭਗ 70% ਵੋਟਾਂ ਪਈਆਂ ਅਤੇ ਵੋਟਰਾਂ ਨੇ ਚੋਣ ਕਮੀਸ਼ਨ ਵਲੋਂ ਸਥਾਪਤ ਕੀਤੇ ਗਏ 192 ਪੋਲਿੰਗ ਬੂਥਾਂ ‘ਤੇ ਆਪਣੇ ਮਤ ਦਾ ਇਸਤੇਮਾਲ ਅਮਨਪੂਰਵਕ ਢੰਗ ਨਾਲ ਕੀਤਾ। ਚੋਣਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ 5 ਵਜੇ ਤੱਕ ਚੱਲਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਸੂਹਾ ਦੇ ਕੁਲ 1,61,620 ਵੋਟਰਾਂ ਵਿੱਚੋਂ 1,12,658 ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਪੋਲ ਹੋਈਆਂ ਵੋਟਾਂ ਵਿੱਚੋਂ 53,695 ਮਰਦ ਅਤੇ 58,963 ਔਰਤ ਵੋਟਰਾਂ ਨੇ ਵੋਟਾਂ ਪਾਈਆਂ। ਗੌਰਤਲਬ ਹੈ ਕਿ ਇਸ ਜ਼ਿਮਨੀ ਚੋਣ ਲਈ 3 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੇ ਮਰਹੂਮ ਵਿਧਾਇਕ ਅਮਰਜੀਤ ਸਿੰਘ ਸਾਹੀ ਦੀ ਪਤਨੀ ਸੁਖਜੀਤ ਕੌਰ ਸਾਹੀ, ਕਾਂਗਰਸ ਨੇ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਅਰੁਣ ਡੋਗਰਾ ਅਤੇ ਪੀਪੀਪੀ ਵਾਲੇ ਸਾਂਝੇ ਮੋਰਚੇ ਵਲੋਂ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਦੇ ਅਕਾਲ ਚਲਾਣੇ ਕਾਰਨ ਇਹ ਸੀਟ ਖਾਲੀ ਹੋਈ ਸੀ। ਵਿਧਾਨ ਸਭਾ ਦੀਆਂ ਲੰਘੀਆਂ ਚੋਣਾਂ ਵਿੱਚ ਅਮਰਜੀਤ ਸਿੰਘ ਸਾਹੀ ਨੇ ਕਾਂਗਰਸ ਦੇ ਰਮੇਸ਼ ਚੰਦਰ ਡੋਗਰਾ ਨੂੰ 6223 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪਿਛਲੀ ਵਾਰ 75.31% ਵੋਟਾਂ ਪਈਆਂ ਸਨ।
Indian News ਦਸੂਹਾ ਜ਼ਿਮਨੀ ਚੋਣ ਲਈ ਵੋਟਾਂ ਭੁਗਤੀਆਂ