ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਦਾੜ੍ਹੀ ਕਟਵਾਉਂਦੇ ਹਨ ਜਾਂ ਆਪ ਕੱਟਦੇ ਹਨ। ਇਹ ਹਰੇਕ ਦੇ ਆਪਣੇ ਆਪਣੇ ਮਨ ਦੇ ਮੌਜ ਮੇਲੇ ਹਨ। ਮੈਂ ਵੀ ਉਨ੍ਹਾਂ ‘ਚੋਂ ਇੱਕ ਹਾਂ। ਇਹ ਦਾੜ੍ਹੀ ਕੱਟਣ ਦੀ ਆਦਤ ਯੂਨੀਵਰਸਿਟੀ ਵਿੱਚ ਪੜ੍ਹਦੇ ਵੇਲੇ ਹੀ ਪੈ ਗਈ ਸੀ। ਅਸੀਂ ਦੋਸਤਾਂ ਨੇ ਆਪਸ ਵਿੱਚ ਵੀ ਕੱਟ ਲਈਦੀ ਸੀ। ਉਦੋਂ ਨਾਈ ਵੱਡੀ ਰਕਮ ਪੱਚੀ ਪੈਸੇ ਲੈਂਦਾ ਸੀ, ਫੇਰ ਅੱਠ ਆਨੇ, ਫੇਰ ਰੁਪਿਆ ਤੇ ਵੱਧ ਦਾ ਵੱਧ ਦਾ ਸੈਂਕੜਿਆਂ ਤੱਕ ਪਹੁੰਚ ਗਿਆ ਰੇਟ। ਆਪਾਂ ਵੀਹ ਰੂਪੈ ਤੇ ਆ ਕੇ ਸਟਾਪ ਲਾ ਦਿੱਤਾ। ਕਿਸੇ ਨੇ ਮੈਨੂੰ ਦਾੜ੍ਹੀ ਕੱਟਣ ਆਲੀ ਕੰਬਾਈਨ ਅਮਰੀਕਾ ਤੋਂ ਲਿਆ ਕੇ ਦੇ ਦਿੱਤੀ। ਉਹੀ ਕਈ ਸਾਲ ਦੀ ਚੱਲ ਰਹੀ ਹੈ। ਦਾੜ੍ਹੀ ਭਾਵੇਂ ਹਰ ਵਾਰੀ ਕਰੜ ਬਰੜ ਹੀ ਕੱਟੀ ਗਈ ਜਾਂ ਕਈ ਵਾਰੀ ਥੱਲੇ ਤੱਕ ਰਗੜੀ ਗਈ। ਚੱਲ ਆਪਾਂ ਕਿਹੜੇ ਟੌਹਰੀ ਬੰਦੇ ਹਾਂ! ਜਿਹਨੂੰ ਨਹੀਂ ਪਸੰਦ, ਨਾ ਸਹੀ। ਕੱਲ੍ਹ ਪਰਸੋਂ ਕੰਬਾਈਨ ਚਲਾਉਣ ਲੱਗਾ ਤਾਂ ਐਵੇਂ ਦਿਲ ਕੀਤਾ ਕਿ ਚੱਲੋ ਅੱਜ ਨਾਈ ਕੋਲ ਹੀ ਚੱਲਦੇ ਹਾਂ। ਹੁਣ ਉਸ ਦਾੜ੍ਹੀ ਤਾਂ ਕੱਟਤੀ, ਪਰ ਠੀਕ ਜਾਂ ਨਹੀਂ ਪਤਾ ਨਾ ਲੱਗਾ। ਸਭ ਤੋਂ ਪਹਿਲੋਂ ਇੱਕ ਦੋਸਤ ਕੋਲ ਗਿਆ ਤੇ ਉਸ ਨੂੰ ਦਾੜ੍ਹੀ ਵਾਰੇ ਦੱਸਿਆ ਕਿ ਤਿੰਨ ਸੌ ਲੱਗ ਗਿਆ ਨਾਈ ਕੋਲ, ਕਹਿੰਦਾ ਆਹ ਬਣੀ ਗੱਲ, ਆਪ ਨਾਲੋਂ ਨਾਈ ਹਮੇਸ਼ਾ ਵਧੀਆ ਕੱਟੂ। ਘੰਟੇ ਕੁ ਬਾਅਦ ਕਿਸੇ ਹੋਰ ਨੂੰ ਕਿਹਾ ਕਿ ਵੀਹ ਰੂਪੈ ਲਏ ਕੁਰਸੀ ਵਾਲੇ ਨਾਈ ਨੇ। ‘ਹੂੰ ਤਾਂ ਹੀ ਸਹੀ ਨਹੀਂ ਕੱਟ ਹੋਈ’। ਇਸ ਤਰ੍ਹਾਂ ਮੈਂ ਦੋ ਦਿਨ ਵੱਖ ਵੱਖ ਰੇਟ ਦੱਸ ਕਿ ਦਾੜ੍ਹੀ ਬਾਰੇ ਚੰਗੇ ਮਾੜੇ ਵਿਚਾਰ ਲੈਂਦਾ ਰਿਹਾ ਤੇ ਮਨੁੱਖ ਦਾ ਪੈਸੇ ਨਾਲ ਰਿਸ਼ਤਾ ਮਾਪਦਾ ਰਿਹਾ। ਸੱਚੀਂ ਦੱਸਾਂ ਹੁਣ ਤਾਂ ਮੈਨੂੰ ਵੀ ਭੁੱਲ ਗਿਆ ਕਿ ਨਾਈ ਨੂੰ ਨੋਟ ਮੈਂ ਵੀਹ ਦਾ ਦਿੱਤਾ ਸੀ ਕਿ ਪੰਜ ਸੌ ਦਾ। ਕੁਰਸੀ ਬਾਹਰ ਸੀ ਕਿ ਸ਼ੀਸ਼ੇ ਵਿੱਚੋਂ ਬਾਹਰ ਦਿਸਦਾ ਸੀ।
-ਜਨਮੇਜਾ ਸਿੰਘ ਜੌਹਲ, E-mail: janmeja@gmail.com
Columns ਦਾੜ੍ਹੀ ਦਾ ਮੁੱਲ