ਆਕਲੈਂਡ (ਕੂਕ ਸਮਾਚਾਰ) – ਪਾਪਾਟੋਏਟੋਏ ਜਿਹੜਾ ਕਿ ਬਹੁਤ ਹੀ ਵਿਅਸਤ ਇਲਾਕਾ ਹੈ ਇੱਥੇ ਦੀ ਇੱਕ ਜਿਊਲਰੀ ਦੁਕਾਨ ਸਪਾਰਕਲਸ ਜਿਊਲਰਜ਼ ਵਿਖੇ 30 ਦਸੰਬਰ 2011 ਨੂੰ ਦੁਪਿਹਰ ਤਕਰੀਬਨ 2 ਵਜੇ ਡਾਕਾ ਮਾਰਿਆ ਗਿਆ। ਇਸ ਡਾਕੇ ਵਿੱਚ ਚਾਰ ਨਕਾਬਪੋਸ਼ ਵਿਅਕਤੀ ਸ਼ਾਮਿਲ ਸਨ। ਤਿੰਨ ਵਿਅਕਤੀ ਦੁਕਾਨ ਦੇ ਅੰਦਰ ਵੜੇ ਅਤੇ ਚੌਥਾ ਦੁਕਾਨ ਦੇ ਬਾਹਰ ਸਟਾਰਟ ਗੱਡੀ ਵਿੱਚ ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ।
ਜਿਹੜੇ ਤਿੰਨ ਨਕਾਬਪੋਸ਼ ਦੁਕਾਨ ਦੇ ਅੰਦਰ ਵੜੇ ਉਨ੍ਹਾਂ ਦੇ ਕੋਲ ਬੇਸ ਬਾਲ ਬੈਟ, ਤੇਜ਼ ਕ੍ਰਿਪਾਨ ਨੁਮਾ ਹਥਿਆਰ, ਹਥੌੜਾ ਅਤੇ ਰਿਵਾਲਵਰ ਸੀ। ਦੁਕਾਨ ਦੇ ਅੰਦਰ ਵੜਦੇ ਹੀ ਇਕ ਨਕਾਬਪੋਸ਼ ਨੇ ਇੱਕ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ। ਉਸ ਸਮੇਂ ਦੁਕਾਨ ਦੇ ਅੰਦਰ ਇੱਕ ਗਾਹਕ ਵੀ ਮੌਜੂਦ ਸੀ ਅਤੇ ਦੂਸਰੇ ਨਕਾਬਪੋਸ਼ ਨੇ ਰਿਵਾਲਵਰ, ਸਪਾਰਕਲਸ ਜਿਊਲਰਜ਼ ਦੇ ਮਾਲਕ ਗੁਰਮੀਤ ਸਿੰਘ ਹੈਪੀ ਵੱਲ ਤਾਣ ਦਿੱਤੀ। ਇਹ ਸਭ ਕੁਝ ਦੇਖ ਕੇ ਹੈਪੀ ਦੁਕਾਨ ਦੇ ਪਿੱਛੇ ਵੱਲ ਭੱਜੇ, ਉਸੇ ਸਮੇਂ ਦੋ ਨਕਾਬਪੋਸ਼ ਕਾਊਂਟਰ ਟੱਪ ਕੇ ਦੁਕਾਨ ਦੇ ਪਿੱਛੇ ਵੱਲ ਚੱਲੇ ਗਏ। ਜਿਥੇ ਹੈਪੀ ਦਾ ਛੋਟਾ ਭਰਾ ਰਾਜੂ ਅਤੇ ਉਨ੍ਹਾਂ ਦਾ ਇੱਕ ਦੋਸਤ ਪਹਿਲੇ ਤੋਂ ਮੌਜੂਦ ਸੀ। ਉਨ੍ਹਾਂ ਨਕਾਬਪੋਸ਼ਾ ਨੇ ਪਿੱਛੇ ਜਾ ਕੇ ਤਿੰਨਾਂ ਨੂੰ ਘੇਰ ਲਿਆ। ਹੈਪੀ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਨਕਾਬਪੋਸ਼ ਲੁਟੇਰਿਆਂ ਨੂੰ ਕਿਹਾ ਕਿ “ਤੁਸੀਂ ਜੋ ਕੁਝ ਲੈ ਕੇ ਜਾਣਾ ਹੈ ਲੈ ਕੇ ਜਾ ਸਕਦੇ ਹੋ” ਲੁਟੇਰੇ ਇਕ ਹੀ ਮੰਗ ਕਰ ਰਹੇ ਸਨ “ਗਿਵ ਮੀ ਕੈਸ਼” ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ। ਹੈਪੀ ਅਤੇ ਉਨ੍ਹਾਂ ਦੇ ਦੋਸਤ ਨੇ ਆਪਣਾ ਪਰਸ ਕੱਢ ਕੇ ਲੁਟੇਰਿਆ ਨੂੰ ਫੜਾ ਦਿੱਤਾ ਅਤੇ ਲੁਟੇਰਿਆ ਨੇ ਰਾਜੂ ਦਾ ਮੋਬਾਈਲ ਵੀ ਉਸ ਦੀ ਉਪਰਲੀ ਜੇਬ ਵਿੱਚੋਂ ਕੱਢ ਲਿਆ।
ਇੱਕ ਲੁਟੇਰੇ ਨੇ ਬੇਸ ਬਾਲ ਦਾ ਬੈਟ ਹੈਪੀ ਦੀ ਗਰਦਨ ਤੇ ਲਗਾਈ ਰੱਖਿਆ ਅਤੇ ਦੂਸਰਾ ਲੁਟੇਰਾ ਸੇਫ ਵਿਚੋਂ ਸੋਨੇ ਦੇ ਗਹਿਣੇ ਕੱਢੀ ਗਿਆ। ਦੂਸਰੇ ਪਾਸੇ ਤੀਸਰੇ ਲੁਟੇਰੇ ਨੇ ਦੁਕਾਨ ਦੇ ਬਾਹਰ ਗਾਹਕ ਵੱਲ ਰਿਵਾਲਵਰ ਤਾਣੀ ਰੱਖਿਆ ਅਤੇ ਉਸ ਦੀ ਚੇਨ ਵੀ ਲੁਹਾ ਲਈ। ਇੰਨੇ ਚਿਰ ਵਿੱਚ ਦੋਵੇਂ ਲੁਟੇਰੇ ਦੁਕਾਨ ਦੇ ਪਿੱਛੋਂ ਦੀ ਕਾਊਂਟਰ ਤੇ ਆ ਗਏ ਅਤੇ ਦੋ ਹੋਰ ਕਾਊਂਟਰ ਤੋੜ ਕੇ ਉਨ੍ਹਾਂ ਵਿਚੋਂ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਇਹ ਸਾਰਾ ਕਾਰਨਾਮਾ ਉਹ ਤਕਰੀਬਨ 3-4 ਮਿੰਟ ਵਿੱਚ ਅੰਜਾਮ ਦੇ ਕੇ ਭੱਜ ਗਏ। ਭੱਜਦੇ ਹੋਏ ਉਨ੍ਹਾਂ ਹੱਥ ਜੋ ਵੀ ਆਇਆ ਉਹ ਲੈ ਗਏ।
ਨਕਾਬਪੋਸ਼ ਲੁਟੇਰਿਆਂ ਦੇ ਦੁਕਾਨ ਅੰਦਰ ਵੜਦੇ ਹੀ ਦੁਕਾਨ ਦੇ ਬਾਹਰ ਲੋਕਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਪਰ ਪੁਲਿਸ ਤਕਰੀਬਨ 12 ਮਿੰਟਾਂ ਬਾਅਦ ਪਹੁੰਚੀ। ਪੁਲਿਸ ਨੇ ਆਉਂਦੇ ਹੀ ਦੁਕਾਨ ਨੂੰ ਸੀਲ ਕਰ ਦਿੱਤਾ ਅਤੇ ਆਪਣੀ ਤਫਤੀਸ ਪੂਰੀ ਕਰਨ ਤੋਂ ਬਾਅਦ ਹੀ ਦੁਕਾਨ ਉਨ੍ਹਾਂ ਦੇ ਮਾਲਕਾਂ ਦੇ ਸਪੁਰਦ ਕੀਤੀ। ਇਸ ਸਭ ਕੁਝ ਵਾਪਰਨ ਤੋਂ ਬਾਅਦ, ਦੁਕਾਨ ਤੇ ਸਾਰੇ ਸਹਿਮੇ ਹੋਏ ਹਨ। ਹੈਪੀ ਦਾ ਕਹਿਣਾ ਸੀ ਕਿ ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਜਾਨ ਬਚ ਗਈ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦਾ ਕੋਈ ਭਰੋਸਾ ਨਹੀਂ ਸੀ ਕਿ ਉਹ ਕਿਸੇ ਨੂੰ ਗੋਲੀ, ਚਾਕੂ ਜਾਂ ਬੇਸ ਬਾਲ ਦਾ ਬੈਟ ਹੀ ਮਾਰ ਦਿੰਦੇ। ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਪੁਲਿਸ ਲੁਟੇਰਿਆਂ ਨੂੰ ਫੜਨ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਰਿਪੋਰਟ ਲਿਖੇ ਜਾਣ ਤੱਕ ਪੁਲਿਸ ਲੁਟੇਰਿਆਂ ਕੋਲ ਪਹੁੰਚਣ ਤੱਕ ਨਾਕਾਮ ਰਹੀ ਹੈ।
NZ News ਦਿਨ-ਦਿਹਾੜੇ ਪਾਪਾਟੋਏਟੋਏ ਦੇ ਸਪਾਰਕਲਸ ਜਿਊਲਰਜ਼ ਦੇ ਸ਼ੋਅਰੂਮ ‘ਚ ਡਾਕਾ