ਨਵੀਂ ਦਿੱਲੀ, 24 ਜੂਨ – ਅਸਾਮ ਦੇ ਸਿੱਖਾਂ ਦੇ ਵਿਸ਼ੇਸ਼ ਸੱਦੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਆਦੇਸ਼ਾਂ ‘ਤੇ ਇਕ ਵਫ਼ਦ ਉੱਥੇ ਦੇ ਗੁਰਧਾਮਾਂ ਦੇ ਹਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਾਪਸ ਦਿੱਲੀ ਪਰਤ ਆਇਆ ਹੈ। ਦਿੱਲੀ ਕਮੇਟੀ ਦੇ ਬਿਲਡਿੰਗ ਵਿਭਾਗ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਦੀ ਅਗਵਾਈ ਹੇਠ ਗਏ ਇਸ ਵਫ਼ਦ ਨੇ ਗੁਹਾਟੀ ਤੋਂ 125 ਕਿੱਲੋਮੀਟਰ ਦੂਰ ਨੋਗਾਉ ਜ਼ਿਲ੍ਹੇ ਦੇ ਛਾਪਰਮੁੱਖ ਪਿੰਡ ਵਿਖੇ ਸਥਾਪਿਤ ਗੁਰਦੁਆਰਾ ਮਾਤਾ ਜੀ ਦੀ ਲਗਭਗ 200 ਸਾਲ ਪੁਰਾਣੀ ਬਿਲਡਿੰਗ ਦਾ ਜਾਇਜ਼ਾ ਲਿਆ। ਇਹ ਗੁਰਦੁਆਰਾ ਸਾਹਿਬ ਸਨ 1820 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਸਾਮ ਦੇ ਰਾਜਾ ਚੰਦ੍ਰਕਾਂਤਾ ਸਿੰਘ ਦੇ ਵਿਸ਼ੇਸ਼ ਸੱਦੇ ‘ਤੇ ਬਰਮਾ ਦੇ ਨਾਲ ਜੰਗ ਕਰਨ ਲਈ ਭੇਜੇ ਗਏ ਸਿੰਘਾ ਦੇ ਜਰਨੈਲ ਚੈਤਨਯਾ ਸਿੰਘ ਅਤੇ ਹੋਰ ਸਿੰਘਾ ਦੀ ਸ਼ਹੀਦੀ ਤੋਂ ਬਾਅਦ ਇਕ ਮਾਤਾ ਜੀ ਵੱਲੋਂ ਉਸਾਰਿਆ ਗਿਆ ਸੀ। ਛਾਪਰਮੁੱਖ ਪਿੰਡ ਤੇ ਆਸ-ਪਾਸ ਦੇ ਹੋਰ ਪਿੰਡਾਂ ‘ਚ ਰਹਿੰਦੇ ਲਗਭਗ 3000 ਸਿੱਖ ਪਰਿਵਾਰਾਂ ਵੱਲੋਂ…… ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਤਰਸਯੋਗ ਹਾਲਾਤ ਤੋਂ ਦੁਖੀ ਹੋ ਕੇ ਦਿੱਲੀ ਕਮੇਟੀ ਨੂੰ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਪੇਸ਼ਕਸ਼ ਕੀਤੀ ਗਈ ਸੀ। ਦਿੱਲੀ ਫਤਿਹ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਉਣ ਅਤੇ ਕਾਨਪੁਰ ਦੀਆਂ ਵਿਧਵਾਵਾਂ ਨੂੰ ਦਿੱਲੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਮਾਸਿਕ ਪੈਨਸ਼ਨ ਆਦਿਕ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋ ਕੇ ਅਸਾਮ ਦੀ ਸੰਗਤ ਵੱਲੋਂ ਦਿੱਲੀ ਕਮੇਟੀ ਤੋਂ ਮਦਦ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਭੋਗਲ ਨੇ ਦੱਸਿਆ ਕਿ ਉਹ ਅਸਾਮੀ ਸਿੱਖਾਂ ਵੱਲੋਂ ਕੀਤੀਆਂ ਗਈਆਂ ਮੰਗਾ ਬਾਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਛੇਤੀ ਹੀ ਰਿਪੋਰਟ ਸੌਂਪਣਗੇ ਤੇ ਫਿਰ ਇਸ 2000 ਗੱਜ ਦੇ ਗੁਰਦੁਆਰੇ ਵਿੱਚ ਦਰਬਾਰ ਹਾਲ, ਲੰਗਰ ਹਾਲ, ਲਾਇਬ੍ਰੇਰੀ ਅਤੇ ਸਰਾਂ ਬਨਾਉਣ ਦੀ ਆਈ ਮੰਗ ਦੇ ਬਾਰੇ ਵਿਚਾਰ ਕੀਤਾ ਜਾਵੇਗਾ। ਅਸਾਮ ਦੇ ਸਿੱਖਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਵਾਸਤੇ ਉੱਥੇ ਪੰਜਾਬੀ ਅਧਿਆਪਕ ਲਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਵਫ਼ਦ ‘ਚ ਦਿੱਲੀ ਕਮੇਟੀ ਦੇ ਇੰਜੀਨੀਅਰ ਪਰਮਪਾਲ ਸਿੰਘ ਅਤੇ ਆਰਕੀਟੈਕਟ ਪਰਮਪਾਲ ਸਿੰਘ ਮੌਜੂਦ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਉਕਤ ਗੁਰਦੁਆਰੇ ‘ਚ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਦਾਨ ਜੱਥੇਦਾਰ ਅਵਤਾਰ ਸਿੰਘ ਵੀ ਹਾਜ਼ਰੀ ਭਰ ਚੁੱਕੇ ਹਨ। ਇਸ ਮੌਕੇ ਸਥਾਨਕ ਐੱਸ. ਪੀ. ਨੰਦਾ ਸਿੰਘ, ਸਥਾਨਕ ਨਿਵਾਸੀ ਰਜਿੰਦਰ ਸਿੰਘ ਮਾਰਵਾਹ, ਦਵਿੰਦਰ ਸਿੰਘ ਸੈਮੀ ਅਤੇ ਸੈਂਕੜੇ ਪਿੰਡ ਵਾਸੀ ਮੌਜੂਦ ਸਨ।
Indian News ਦਿੱਲੀ ਕਮੇਟੀ ਦੇ ਵਫ਼ਦ ਨੇ ਅਸਾਮ ‘ਚ ਵੱਸਦੇ ਸਿੱਖਾਂ ਦੀਆਂ ਤਕਲੀਫ਼ਾਂ ਦਾ...