ਕੁਦਰਤ ’ਚ ਦਖ਼ਲਅੰਦਾਜ਼ੀ ਕਰਨ ਨਾਲ ਸੰਸਾਰ ਭਰ ’ਚ ਵਿਵਾਦ ਪੈਦਾ ਹੁੰਦੇ ਹਨ: ਗਿਆਨੀ ਗੁਰਬਚਨ ਸਿੰਘ
ਨਫ਼ਰਤਵਾਦੀਆਂ ਦਾ ਵੱਸ਼ ਚੱਲੇ ਤਾਂ ਇਹ ਹਵਾ ਅਤੇ ਪਾਣੀ ਦਾ ਰੰਗ ਵੀ ਧਰਮ ਦੇ ਹਿਸਾਬ ਨਾਲ ਨਿਰਧਾਰਤ ਕਰ ਦੇਣ: ਜੀ.ਕੇ.
ਨਵੀਂ ਦਿੱਲੀ, 15 ਮਾਰਚ – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੂਹ ਸਿੱਖਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਰਹਿਣ ਦਾ ਆਦੇਸ਼ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ 4 ਇਤਿਹਾਸਿਕ ਗੁਰਧਾਮਾਂ ਵਿਖੇ ਨਵੇਂ ਨਾਨਕਸ਼ਾਹੀ ਵਰੇ੍ਹ ਦੀ ਆਮਦ ਮੌਕੇ ਕਰਵਾਏ ਗਏ ਗੁਰਮਤਿ ਸਮਾਗਮਾਂ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਸੰਗਰਾਂਦ, ਪੂਰਣਮਾਸ਼ੀ ਆਦਿਕ ਕਿਸੇ ਧਰਮ ਨਾਲ ਸੰਬੰਧਿਤ ਦਿਹਾੜੇ ਨਹੀਂ ਹਨ, ਸਗੋਂ ਪਰਮੇਸ਼ਰ ਵੱਲੋਂ ਬਣਾਈ ਗਈ ਜਗਤ ਰਚਨਾ ਦਾ ਹਿੱਸਾ ਹਨ। ਕੁਦਰਤ ’ਚ ਦਖ਼ਲਅੰਦਾਜ਼ੀ ਕਰਨ ਨਾਲ ਸੰਸਾਰ ਭਰ ’ਚ ਵਿਵਾਦ ਪੈਦਾ ਹੁੰਦੇ ਹਨ। ਇਸ ਕਰਕੇ ਕੌਮ ਦੀਆਂ ਨੂਮਾਇੰਦਾਂ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਆਦੇਸ਼ਾ ਅਨੁਸਾਰ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਕੇ ਸੰਗਤਾਂ ਤਕ ਪਹੁੰਚਾਦੀਆਂ ਹਨ।
ਜਥੇਦਾਰ ਨੇ ਕੈਲੰਡਰ ’ਤੇ ਕਿੰਤੂ-ਪਰੰਤੂ ਕਰਨ ਵਾਲਿਆ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿੱਖਾਂ ਨੂੰ ਇਕਜੁੱਟ ਹੋ ਕੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪਿੰਡ-ਇੱਕ ਗੁਰਦੁਆਰਾ ਮੁਹਿੰਮ ਦਾ ਸਮਰਥਨ ਕਰਨਾ ਚਾਹੀਦਾ ਹੈ। ਸਾਨੂੰ ਗੁਰਦੁਆਰੇ ਘੱਟ ਅਤੇ ਸ਼ਮਸ਼ਾਨ 1 ਸਿੰਧਾਂਤ ਨੂੰ ਵੀ ਲਾਗੂ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਸਾਡਾ ਟੀਚਾ ਆਪਣਾ ਪ੍ਰਚਾਰ ਕਰਨ ਦੀ ਥਾਂ ਗੁਰੂ ਸਾਹਿਬ ਦਾ ਪ੍ਰਚਾਰ ਘਰ-ਘਰ ਤਕ ਪਹੁੰਚਾਉਣ ਦਾ ਹੋਣਾ ਚਾਹੀਦਾ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ 550ਵੇਂ ਨਾਨਕਸ਼ਾਹੀ ਵਰ੍ਹੇ ਦੀ ਵਧਾਈ ਦਿੰਦੇ ਹੋਏ ਸਮਾਜ਼ ’ਚ ਵੱਧ ਰਹੀ ਨਫ਼ਰਤ ’ਤੇ ਵੀ ਵਿਅੰਗ ਕੀਤਾ। ਜੀ.ਕੇ. ਨੇ ਕਿਹਾ ਕਿ ਸਮਾਂ ਬਦਲਿਆ ਹੈ, ਪਰ ਦੁਸ਼ਮਨ ਵੀ ਸਾਡੇ ਨਾਲ-ਨਾਲ ਬਦਲੇ ਹਨ। ਹਰ ਸਮੇਂ ਸਿੱਖਾਂ ਦੇ ਸਿਰ ਦੁਸ਼ਮਣਾਂ ਦਾ ਘੇਰਾ ਬਣਿਆ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਹਰ ਵਾਰ ਸਾਡੀ ਟੱਕਰ ਜਿਆਦਾਤਰ ਹਕੂਮਤ ਨਾਲ ਰਹੀ ਹੈ। ਸਮਾਜ਼ ’ਚ ਵੱਧ ਰਹੀ ਨਫ਼ਰਤ ਇਸ ਪੱਧਰ ’ਤੇ ਪੁੱਜ ਗਈ ਹੈ ਕਿ ਨਫ਼ਰਤਵਾਦੀਆਂ ਦਾ ਵੱਸ਼ ਚੱਲੇ ਤਾਂ ਇਹ ਹਵਾ ਅਤੇ ਪਾਣੀ ਦਾ ਰੰਗ ਵੀ ਧਰਮ ਦੇ ਹਿਸਾਬ ਨਾਲ ਨਿਰਧਾਰਤ ਕਰ ਦੇਣ। ਜੀ.ਕੇ. ਨੇ ਕਿਹਾ ਕਿ ਸਿਰਫ਼ ਸਿੱਖ ਕੌਮ ਹੀ ਮਨੁੱਖਤਾ ਨੂੰ ਆਪਣੇ ਨਾਲ ਲੈ ਕੇ ਚਲਦੀ ਰਹੀ ਹੈ। ਬੇਸ਼ੱਕ ਉਸਦੇ ਖ਼ਾਮਿਆਜ਼ੇ ਦੇ ਤੌਰ ’ਤੇ ਸਾਨੂੰ ਸ਼ਾਹਦਤਾਂ ਵੀ ਦੇਣੀਆਂ ਪਈਆਂ। ਜੀ.ਕੇ. ਨੇ ਇਤਿਹਾਸ ਦੇ ਹਵਾਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੀ ਬਹਾਲੀ ਨੂੰ ਜਰੂਰੀ ਦੱਸਿਆ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਸੱਦਾ-ਪੱਤਰਾਂ ’ਤੇ ਨਾਨਕਸ਼ਾਹੀ ਸੰਮਤ ਅਨੁਸਾਰ ਮਿਤੀ ਛਾਪਣ ਦੀ ਅਪੀਲ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਆਪਣੇ ਪੱਤਰਾਂ ’ਤੇ ਨਾਨਕਸ਼ਾਹੀ ਸੰਮਤ ਅਨੁਸਾਰ ਪੱਤਰ ਵਿਹਾਰ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਰਾਣਾ ਨੇ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਗੁਰਮੁੱਖੀ ਭਾਸ਼ਾ ਦਾ ਗਿਆਨ ਦੇਣ ਦੀ ਵਕਾਲਤ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਇਸ ਵਰ੍ਹੇ ਦਿੱਲੀ ਫਤਹਿ ਦਿਹਾੜਾ ਅਪ੍ਰੈਲ ਮਹੀਨੇ ਦੇ ਆਖਿਰੀ ਹਫ਼ਤੇ ’ਚ ਮਨਾਉਣ ਬਾਰੇ ਦੱਸਿਆ। ਇਸ ਮੌਕੇ ਦਿੱਲੀ ਕਮੇਟੀ ਵੱਲੋਂ ਛਾਪਿਆ ਗਿਆ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕੀਤਾ ਗਿਆ।
Home Page ਦਿੱਲੀ ਕਮੇਟੀ ਨੇ ਨਵੇਂ ਨਾਨਕਸ਼ਾਹੀ ਵਰ੍ਹੇ ਮੌਕੇ ਸਜਾਏ ਗੁਰਮਤਿ ਸਮਾਗਮ