ਨਵੀਂ ਦਿੱਲੀ, 23 ਨਵੰਬਰ – ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਚਾਂਦਨੀ ਚੋਂਕ ਤੋਂ ਗੁਰੂ ਸਾਹਿਬ ਦਾ ਪਾਵਨ ਸੀਸ ਭਾਈ ਜੈਤਾ ਜੀ ਆਪਣੇ ਸਾਥੀਆਂ ਸਮੇਤ ਲੈਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਅੱਜ ਸ਼ਹੀਦੀ ਦਿਵਸ ਦੇ ਮੋਕੇ ਉਸੇ ਮਾਰਗ ਰਾਹੀਂ ‘ਸੀਸ ਮਾਰਗ ਯਾਤਰਾ’ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਕਰਨ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਦਿੱਲੀ ਅਤੇ ਨਵੀਂ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਚਾਂਦਨੀ ਚੌਂਕ, ਨਵੀਂ ਸੜਕ, ਨਵੀਂ ਸੜਕ, ਚਾਵੜੀ ਬਾਜ਼ਾਰ, ਹੌਜ ਕਾਜ਼ੀ, ਅਜਮੇਰੀ ਗੇਟ, ਪੁਲ ਪਹਾੜ ਗੰਜ, ਦੇਸ਼ ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ, ਪੰਚਕੂਈਆਂ ਰੋਡ, ਗੁਰਦੁਆਰਾ ਬੰਗਲਾ ਸਾਹਿਬ ਰੋਡ, ਗੋਲ ਡਾਕਖਾਨਾ, ਗੁਰਦੁਆਰਾ ਬੰਗਲਾ ਸਾਹਿਬ ਅਤੇ ਪੰਡਿਤ ਪੰਤ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪੁੱਜਾ।
ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ ਵਿੱਚ ਜਦੋਂ ਮੁਗਲ ਸ਼ਾਸਕ ਔਰੰਗਜ਼ੇਬ ਵੱਲੋਂ ਹਿੰਦੂ ਧਰਮ ਤੇ ਸੰਸਕ੍ਰਿਤੀ ਨੂੰ ਤਬਾਹ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਤਾਂ ਉਸ ਸਮੇਂ ਕੇਵਲ ਗੁਰੂ ਤੇਗ ਬਹਾਦਰ ਜੀ ਹੀ ਇਸ ਸੰਸਕ੍ਰਿਤੀ ਨੂੰ ਬਚਾਉਣ ਲਈ ਅੱਗੇ ਆਏ। ਮੁਗਲ ਹਕੂਮਤ ਵੱਲੋਂ ਸਖ਼ਤੀ ਦਾ ਦੌਰ ਇਤਨਾ ਕਰੜਾ ਸੀ ਕਿ ਸਤਾਏ ਹੋਏ ਲੋਕਾਂ ਦਾ ਦੁੱਖ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਸੀ। ਕਸ਼ਮੀਰ ਵਿੱਚ ਇਹ ਅੱਤਿਆਚਾਰ ਹੋਰ ਵੀ ਵੱਧ ਰਿਹਾ ਸੀ। ਕਸ਼ਮੀਰੀ ਪੰਡਿਤਾਂ ਦਾ ਇੱਕ ਜਥਾ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਤਾਂ ਨੋਵੇਂ ਪਾਤਿਸ਼ਾਹ ਨੇ ਉਨ੍ਹਾਂ ਦੇ ਧਰਮ ਦੀ ਰਾਖੀ ਲਈ ਆਪ ਦਿੱਲੀ ਜਾ ਕੇ ਸ਼ਹਾਦਤ ਦਿੱਤੀ, ਉਨ੍ਹਾਂ ਦੀ ਸ਼ਹੀਦੀ ਤੋਂ ਪਹਿਲਾਂ ਤਿੰਨ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਭਿਆਨਕ ਤਸੀਹੇ ਦੇਕੇ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਗਿਆ।
ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਦੇ ਪਹੁੰਚਣ ਦੀ ਜਾਣਕਾਰੀ ਸੰਗਤਾਂ ਨੂੰ ਦੇਣ ਲਈ ਦਿੱਲੀ ਕਮੇਟੀ ਵੱਲੋਂ ਆਪਣੀ ਵੈਬਸਾਈਟ ’ਤੇ ਜੋ ਜੀ.ਪੀ.ਐਸ. ਦੀ ਸੁਵਿਧਾ ਦਿੱਤੀ ਗਈ ਸੀ, ਸੰਗਤਾਂ ਵੱਲੋਂ ਇਸ ਦਾ ਭਰਵਾਂ ਹੁੰਗਾਰਾ ਮਿਲਣ ’ਤੇ ਕਮੇਟੀ ਵੱਲੋਂ ਇਹ ਸੇਵਾ ਅੱਗੇ ਤੋਂ ਹਰ ਨਗਰ ਕੀਰਤਨ ਵਿੱਚ ਜਾਰੀ ਰੱਖੀ ਜਾਵੇਗੀ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰ, ਬੈਂਡ ਵਾਜੇ, ਖਾਲਸਾ ਸਕੂਲਾਂ ਦੇ ਬੱਚੇ ਬੈਂਡ ਵਾਜਿਆਂ ਸਮੇਤ ਨਗਰ ਕੀਰਨ ਦੀ ਸ਼ੋਭਾ ਵਧਾ ਰਹੇ ਸਨ ਨਾਲ ਹੀ ਐਬੂਲੈਸ ਬ੍ਰਿਗੇਡ ਅਤੇ ਛਬੀਲ ਸੇਵਕ ਜਥੇ ਵੀ ਸੰਗਤਾਂ ਦੀ ਸੇਵਾ ਕਰ ਰਹੇ ਸਨ। ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜੇ (ਜਥੇ) ਸ਼ਸਤਰਾਂ ਰਾਹੀਂ ਆਪਣਾ ਕਲਾ ਦੇ ਜੌਹਰ ਦਿਖਾ ਰਹੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਸੁਆਗਤ ਵਿੱਚ ਜਗ੍ਹਾ ਜਗਾ੍ਹ ਗੁਰੂ ਮਹਾਰਾਜ ਦੇ ਸਤਿਕਾਰ ਲਈ ਇਲਾਕੇ ਦੀਆਂ ਸੰਗਤਾਂ ਨੇ ਸਵਾਗਤੀ ਗੇਟ ਬਣਵਾਏ ਹੋਏ ਸਨ। ਸ਼ਬਦੀ ਕੀਰਤਨੀ ਜਥੇ, ਅਖੰਡ ਕੀਰਤਨੀ ਜਥੇ ਸੰਗਤਾਂ ਨੂੰ ਨਾਮ ਸਿਮਰਨ ਕਰਵਾ ਰਹੇ ਸਨ।
ਇਸ ਮੌਕੇ ’ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਚਮਨ ਸਿੰਘ, ਭੁਪਿੰਦਰ ਸਿੰਘ ਭੁੱਲਰ, ਹਰਜੀਤ ਸਿੰਘ ਪੱਪਾ, ਵਿਕਰਮ ਸਿੰਘ ਰੋਹਿਣੀ, ਜਤਿੰਦਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਪਿੰਕੀ, ਸਰਵਜੀਤ ਸਿੰਘ ਵਿਰਕ, ਬੀਬੀ ਰਣਜੀਤ ਕੌਰ, ਡਾ. ਨਿਸ਼ਾਨ ਸਿੰਘ ਮਾਨ, ਹਰਵਿੰਦਰ ਸਿੰਘ ਕੇ.ਪੀ., ਜਗਦੀਪ ਸਿੰਘ ਕਾਹਲੋਂ, ਮਹਿੰਦਰ ਸਿੰਘ ਭੁੱਲਰ, ਜਥੇਦਾਰ ਬਲਦੇਵ ਸਿੰਘ ਰਾਣੀਬਾਗ, ਸਾਬਕਾ ਮੈਂਬਰ ਜਥੇਦਾਰ ਕੁਲਦੀਪ ਸਿੰਘ ਭੋਗਲ, ਸਤਪਾਲ ਸਿੰਘ, ਹਰਦੇਵ ਸਿੰਘ ਧਨੋਆ ਤੇ ਹੋਰ ਮੈਂਬਰ ਸਾਹਿਬਾਨਾਂ ਅਤੇ ਪੱਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਸ਼ਹੀਦੀ ਪੁਰਬ ਸਬੰਧੀ ਮੁਖ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 24 ਨਵੰਬਰ, 2017 ਨੂੰ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਹੋਵੇਗਾ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ/ਢਾਡੀ ਜਥੇ ਅਤੇ ਪ੍ਰਚਾਰ ਗੁਰਬਾਣੀ ਦੇ ਮਨੋਹਰ ਕੀਰਤਨ/ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।