ਨਵੀਂ ਦਿੱਲੀ, (8 ਜੂਨ ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮਨਾਇਆ ਗਿਆ। ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਸਜਾਏ ਗਏ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ, ਢਾਡੀ ਜੱਥਿਆਂ ਨੇ ਢਾਡੀ ਪ੍ਰਸੰਗ ਅਤੇ ਕਵੀ ਸਾਹਿਬਾਨਾਂ ਨੇ ਆਪਣੀ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਥਕ ਵਿਚਾਰਾ ਦੌਰਾਨ ਤਕਰੀਰ ਕਰਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਖਾਲਸਾ ਪੰਥ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ….. ਖਾਲਸਾ ਰਾਜ ਦੀ ਨੀਂਹ ਰੱਖੀ ਗਈ ਸੀ। ਜੀ.ਕੇ. ਨੇ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ, ਜਰਨੈਲਾਂ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਕੌਮ ਦੀ ਅਨਮੋਲ ਵਿਰਾਸਤ ਦੱਸਦੇ ਹੋਏ ਸੰਗਤਾਂ ਨੂੰ ਇਨ੍ਹਾਂ ਸ਼ਹਾਦਤਾਂ ਤੇ ਮਾਣ ਕਰਨ ਦੀ ਵੀ ਬੇਨਤੀ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਦੀ ਤੀਜੀ ਸ਼ਤਾਬਦੀ ਮੌਕੇ ਬੀਤੇ ਦਿਨੀਂ ਗੜ੍ਹੀ ਗੁਰਦਾਸ ਨੰਗਲ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਮਹਿਰੌਲੀ ਤਕ ਸਜਾਏ ਗਏ ਨਗਰ ਕੀਰਤਨ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 9 ਜੂਨ ਨੂੰ ਬਾਬਾ ਜੀ ਦੇ ਜਨਮ ਸਥਾਨ ਰਿਆਸੀ ਤੋਂ ਆ ਰਹੇ ਨਗਰ ਕੀਰਤਨ ਦੇ ਬਦਰਪੁਰ ਬਾਰਡਰ ਤੇ ਪੁੱਜਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇਸ਼ ਦੇ ਪਹਿਲੇ ਸਿੱਖ ਬਾਦਸ਼ਾਹ ਸਨ ਜਿਨ੍ਹਾਂ ਨੇ 900 ਈ. ਤੋਂ ਗੁਲਾਮੀ ਦੀ ਜ਼ੰਜੀਰਾਂ ਵਿੱਚ ਕੈਦ ਭਾਰਤੀਆਂ ਨੂੰ ਮੁਗ਼ਲਾਂ ਤੋਂ ਸਰਹਿੰਦ ਫ਼ਤਿਹ ਰਾਹੀਂ ਆਜ਼ਾਦੀ ਦੀ ਹਵਾ ਦਾ ਅਹਿਸਾਸ ਕਰਵਾਇਆ ਸੀ।
ਭਾਰਤੀ ਇਤਿਹਾਸ ਵਿੱਚ 1857 ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੱਸੇ ਜਾਣ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗ਼ਲਾਂ ਨੂੰ ਹਰਾਉਣ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੱਸਿਆ। ਜੀ.ਕੇ. ਨੇ ਹੈਰਾਨੀ ਜਤਾਈ ਕਿ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਨੂੰ ਤਾਂ ਕਬੂਲ ਕਰਦੇ ਹਾਂ ਪਰ ਲੋਦੀ, ਮੰਗੋਲ, ਹੂਣ ਅਤੇ ਮੁਗ਼ਲਾਂ ਦੀ ਗੁਲਾਮੀ ਨੂੰ ਭੁੱਲ ਜਾਂਦੇ ਹਾਂ। ਜੀ.ਕੇ. ਨੇ ਖਾਲਸਾ ਕਾਲਜਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਸਿੱਖ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਦਾ ਦਾਖਲਾ ਫਾਰਮ ਭਰਨ ਵੇਲੇ ਵੱਧ ਤੋਂ ਵੱਧ ਆਪਣੀ ਰੁਚੀ ਦੇ ਕੋਰਸਾਂ ਨੂੰ ਭਰਨ ਦੀ ਸਲਾਹ ਦਿੰਦੇ ਹੋਏ ਕਮੇਟੀ ਕਾਲਜਾਂ ਵਿੱਚ 50 ਫੀਸਦੀ ਸੀਟਾਂ ਇਸ ਸਾਲ ਤੋਂ ਸਿੱਖ ਬੱਚਿਆਂ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਸੈਂਟ ਸਟੀਫ਼ੰਸ ਕਾਲਜ ਦੀ ਤਰਜ਼ ਤੇ ਘੱਟਗਿਣਤੀ ਵਿੱਦਿਅਕ ਅਦਾਰੇ ਵਜੋਂ ਰਾਖਵੀਂਆਂ ਰੱਖਣ ਦੀ ਵੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ। ਜਿਸ ਵਿੱਚ 12 ਜੂਨ ਨੂੰ ਪੰਜਾਬੀ ਬਾਗ ਗੁ: ਟਿਕਾਣਾ ਸਾਹਿਬ ਦੇ ਸਾਹਮਣੇ ਪਾਰਕ ‘ਚ ਨਿਹੰਗ ਸਿੰਘਾਂ ਦੀ ਖ਼ਾਲਸਾਈ ਖੇਡਾਂ, 17 ਜੂਨ ਨੂੰ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ”ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ” ਲਾਈਟ ਐਂਡ ਸਾਉਂਡ ਸ਼ੋਅ ਤੇ ਗੱਤਕੇ ਦਾ ਪ੍ਰਦਰਸ਼ਨ, 19 ਜੂਨ ਨੂੰ ਇਸੇ ਥਾਂ ਤੇ ”ਕਾਮਾਗਾਟਾ ਮਾਰੂ” ਲਾਈਟ ਐਂਡ ਸਾਉਂਡ ਸ਼ੋਅ ਤੇ ਗੱਤਕੇ ਦਾ ਪ੍ਰਦਰਸ਼ਨ, 18 ਜੂਨ ਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਰੇਲਗੱਡੀ ਰਾਹੀਂ 1800 ਸੰਗਤਾਂ ਦਾ ਆ ਰਹੇ ਨਗਰ ਕੀਰਤਨ ਦਾ ਸੁਆਗਤ, 21 ਜੂਨ ਨੂੰ ਭਾਰਤ ਸਰਕਾਰ ਵੱਲੋਂ ਬਾਬਾ ਜੀ ਦੇ ਨਾਂ ਦਾ ਪੋਸਟਲ ਕਵਰ ਜਾਰੀ ਕਰਨਾ, 22 ਜੂਨ ਨੂੰ ਐਮ.ਐਮ.ਟੀ.ਸੀ. ਵੱਲੋਂ ਪਹਿਲੇ ਖਾਲਸਾ ਰਾਜ ਦੀ ਨਿਸ਼ਾਨੀ ਦੇ ਪ੍ਰਤੀਕ ਨਾਨਕਸ਼ਾਹੀ ਸਿੱਕੇ ਜਾਰੀ ਕਰਨਾ, 24 ਜੂਨ ਨੂੰ ਕੁਤਬ ਮੀਨਾਰ ਪਾਰਕ ਵਿੱਚ ਗੁਰਮਤਿ ਸਮਾਗਮ ਅਤੇ 26 ਜੂਨ ਇੰਡੀਆ ਗੇਟ ਤੇ ਮੈਰਾਥਨ ਦਾ ਪ੍ਰੋਗਰਾਮ ਸ਼ਾਮਿਲ ਹੈ।
ਇਸ ਮੌਕੇ ਉੱਘੇ ਲੇਖਕ ਹਰਬੰਸ ਸਿੰਘ ਚਾਵਲਾ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਮਹਿਲਾ ਬਾਰੇ ਲਿਖਿਆ ਗਈਆਂ ਪੁਸਤਕਾਂ ਵੀ ਜੀ.ਕੇ. ਨੇ ਜਾਰੀ ਕੀਤੀਆਂ। ਗੜ੍ਹੀ ਗੁਰਦਾਸ ਨੰਗਲ ਤੋਂ ਨਗਰ ਕੀਰਤਨ ਦੇ ਨਾਲ ਆਏ ਪੰਜ ਪਿਆਰੇ, ਪੰਜ ਨਿਸ਼ਾਨਚੀ ਸਿੰਘ ਅਤੇ ਸ਼੍ਰੋਮਣੀ ਕਮੇਟੀ ਸਟਾਫ਼ ਜੋ ਕਿ ਇਸ ਵੇਲੇ ਦਿੱਲੀ ਕਮੇਟੀ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕਰਾਉਣ ਵਾਸਤੇ ਚਲਾਈ ਜਾ ਰਹੀ ਦੇਗ-ਤੇਗ ਫ਼ਤਿਹ ਮਾਰਚ ਯਾਤਰਾ ਵਿੱਚ ਸੇਵਾ ਨਿਭਾ ਰਹੇ ਦਾ ਵੀ ਦਿੱਲੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਸਿੱਖ ਚੇਤਨਾ ਮਿਸ਼ਨ ਵੱਲੋਂ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਕਰਵਾਈ ਗਈ ਧਾਰਮਿਕ ਪ੍ਰੀਖਿਆ ਦੇ ਜੇਤੂਆਂ ਦਾ ਵੀ ਸਨਮਾਨ ਕੀਤਾ ਗਿਆ। ਜਿਸ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀ ਤਰਨਪ੍ਰੀਤ ਕੌਰ, ਧਾਰਮਿਕ ਅਧਿਆਪਕਾ ਪਰਮਿੰਦਰ ਕੌਰ ਅਤੇ ਗੁਰੂ ਨਾਨਕ ਪਬਲਿਕ ਸਕੂਲ ਰਾਜ਼ੌਰੀ ਗਾਰਡਨ ਦੇ ਵਿਦਿਆਰਥੀ ਭਵਦੀਪ ਸਿੰਘ ਅਤੇ ਅਧਿਆਪਕ ਕਵਲਜੀਤ ਸਿੰਘ ਖਾਲਸਾ ਨੂੰ ਨਗਦ ਰਾਸ਼ੀ ਦਿੱਤੀ ਗਈ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਰਾਜ-ਸਭਾ ਮੈਂਬਰ ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਜਤਿੰਦਰ ਪਾਲ ਸਿੰਘ ਗੋਲਡੀ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਲੁਬਾਣਾ, ਅਕਾਲੀ ਆਗੂ ਵਿਕਰਮ ਸਿੰਘ ਅਤੇ ਜਗਜੀਤ ਸਿੰਘ ਕਮਾਂਡਰ ਇਸ ਮੌਕੇ ਮੌਜੂਦ ਸਨ।
Indian News ਦਿੱਲੀ ਕਮੇਟੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ...