ਨਵੀਂ ਦਿੱਲੀ – 20 ਦਸੰਬਰ ਦਿਨ ਐਤਵਾਰ ਨੂੰ ਨਿਰਭਯਾ ਕਾਂਡ ਦੇ ਨਾਬਾਲਗ਼ ਦੋਸ਼ੀ ਨੂੰ ਸਜ਼ਾ ਪੂਰੀ ਹੋਣ ਉੱਤੇ ਰਿਹਾਅ ਕਰ ਦਿੱਤਾ ਗਿਆ ਪਰ ਉਸ ਨੂੰ ਇੱਕ ਸਵੈ-ਸੇਵੀ ਸੰਸਥਾ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ, ਸੰਸਥਾ ਦਾ ਨਾਂ ਜ਼ਾਹਿਰ ਨਹੀਂ ਕੀਤਾ ਜਾਵੇਗਾ। 20 ਸਾਲਾਂ ਦੇ ਹੋ ਚੁੱਕੇ ਨਾਬਾਲਗ਼ ਦੋਸ਼ੀ ਦੀ ਰਿਹਾਈ ਖ਼ਿਲਾਫ਼ ਜੰਤਰ-ਮੰਤਰ ਤੇ ਰਾਜਪਥ ਉੱਪਰ ਪ੍ਰਦਰਸ਼ਨ ਕੀਤੇ ਗਏ ਤੇ ਨਿਰਭੈ ਦੇ ਮਾਪੇ ਅਤੇ ਸਮਾਜਸੇਵੀ ਸੰਸਥਾਵਾਂ ਇਸ ਰਿਹਾਈ ਦਾ ਵਿਰੋਧ ਕਰ ਰਹੀਆਂ ਹਨ। ਦਿੱਲੀ ਸਰਕਾਰ ਦੇ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਆਖ਼ਰੀ ਵਕਤ ਤੱਕ ਕਾਨੂੰਨੀ ਚਾਰਾਜੋਈ ਕੀਤੀ ਗਈ।
ਸੁਪਰੀਮ ਕੋਰਟ ਅੱਗੇ ਬੀਤੀ ਰਾਤ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਇਸ ਲੜਕੇ ਨੂੰ ਰਿਹਾਅ ਨਾ ਕਰਨ ਬਾਰੇ ਆਖ਼ਰੀ ਕੋਸ਼ਿਸ਼ ਕੀਤੀ ਗਈ ਪਰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਟੀ. ਐੱਸ. ਠਾਕੁਰ ਵੱਲੋਂ ਉਸ ਦੀ ਰਿਹਾਈ ਉੱਪਰ ਫ਼ੌਰੀ ਰੋਕ ਲਾਉਣ ਤੋਂ ਇਨਕਾਰ ਦਿੱਤਾ ਗਿਆ। ਜਿਸ ਦੇ ਕਰਕੇ ਉਸ ਦੀ ਰਿਹਾਈ ਸੰਭਵ ਹੋ ਸਕੀ। ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਅਰਜ਼ੀ ਉੱਪਰ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗੀ। ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਇੰਡੀਆ ਗੇਟ ਤੇ ਆਸ-ਪਾਸ ਸੁਰੱਖਿਆ ਵਧਾ ਦਿੱਤੀ ਅਤੇ ਲੋਕਾਂ ਨੂੰ ਉਧਰ ਨਹੀਂ ਜਾਣ ਦਿੱਤਾ ਗਿਆ ਜਿੱਥੇ ਰਿਹਾਈ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ। ਇੰਡੀਆ ਗੇਟ ਨੇੜੇ ਔਰਤਾਂ ਨੇ ਇਸ ਰਿਹਾਈ ਦਾ ਸਖ਼ਤ ਵਿਰੋਧ ਕੀਤਾ। ਨਿਰਭੈ ਦੀ ਮਾਂ ਨੇ ਇਸ ਕਾਨੂੰਨ ਵਿੱਚ ਹੋਰ ਤਬਦੀਲੀ ਕਰਕੇ ਦੋਸ਼ੀ ਨੂੰ ਫਾਂਸੀ ਲਾਉਣ ਦੀ ਮੰਗ ਵੀ ਕੀਤੀ।
Indian News ਦਿੱਲੀ ਗੈਂਗਰੇਪ ਦਾ ਨਾਬਾਲਗ਼ ਦੋਸ਼ੀ ਰਿਹਾਅ